ਨਵੀਂ ਦਿੱਲੀ: ਦੇਸ਼ ਦੀ ਡਿੱਗ ਰਹੀ ਜੀਡੀਪੀ ਦਰਮਿਆਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਰਥਚਾਰੇ ਨੂੰ ਤੇਜ਼ ਕਰਨ ਲਈ ਕਈ ਵੱਡੇ ਐਲਾਨ ਕੀਤੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਕਿਹਾ ਕਿ ਮਹਿੰਗਾਈ ਕੰਟਰੋਲ ਵਿੱਚ ਹੈ ਅਤੇ ਉਦਯੋਗਿਕ ਉਤਪਾਦਨ ਵਿੱਚ ਸੁਧਾਰ ਦੇ ਸਪੱਸ਼ਟ ਸੰਕੇਤ ਹਨ।
ਸਰਕਾਰ ਵੱਲੋਂ ਕੀਤੇ ਗਏ ਵੱਡੇ ਐਲਾਨ
- ਸਰਕਾਰ ਨੇ ਕਿਫਾਇਤੀ, ਮੱਧ ਆਮਦਨੀ ਹਾਉਸਿੰਗ ਲਈ 10 ਹਜ਼ਾਰ ਕਰੋੜ ਦੇ ਫੰਡ ਦਾ ਐਲਾਨ ਕੀਤਾ ਹੈ। ਸੀਤਾਰਮਨ ਨੇ ਕਿਹਾ ਕਿ ਕਿਫਾਇਤੀ ਰਿਹਾਇਸ਼ਾਂ ਬਾਰੇ ਈਸੀਬੀ ਦੇ ਦਿਸ਼ਾ ਨਿਰਦੇਸ਼ਾਂ ਨੂੰ ਸੌਖਾ ਕੀਤਾ ਜਾਵੇਗਾ। ਇਸ ਦੇ ਲਈ ਇੱਕ ਵਿਸ਼ੇਸ਼ ਵਿੰਡੋ ਬਣਾਈ ਜਾਵੇਗੀ। ਦੱਸ ਦੱਈਏ ਕਿ ਈ.ਸੀ.ਬੀ. ਵਿੰਡੋ ਦੇ ਤਹਿਤ ਭਾਰਤੀ ਕੰਪਨੀਆਂ ਕੁਝ ਸ਼ਰਤਾਂ ਤਹਿਤ ਵਿਦੇਸ਼ਾਂ ਤੋਂ ਕਰਜ਼ਾ ਇਕੱਠਾ ਕਰਨ ਦੇ ਯੋਗ ਹਨ।
- ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਾਡਾ ਧਿਆਨ ਘਰਾਂ ਦੇ ਖਰੀਦਦਾਰਾਂ, ਨਿਰਯਾਤ ਅਤੇ ਟੈਕਸ ਸੁਧਾਰਾਂ 'ਤੇ ਹੈ। ਨਿਰਮਲਾ ਸੀਤਾਰਮਨ ਨੇ ਦੱਸਿਆ ਕਿ 45 ਲੱਖ ਰੁਪਏ ਤੱਕ ਦਾ ਮਕਾਨ ਖਰੀਦਣ 'ਤੇ ਟੈਕਸ ਛੋਟ ਦੇ ਫੈਸਲੇ ਨਾਲ ਰੀਅਲ ਅਸਟੇਟ ਸੈਕਟਰ ਨੂੰ ਫਾਇਦਾ ਹੋਇਆ ਹੈ।
- ਨਿਰਮਲਾ ਸੀਤਾਰਮਨ ਨੇ ਕਿਹਾ ਕਿ ਹੁਣ ਸਾਰੇ ਨੋਟਿਸ ਸਿਸਟਮ ਰਾਹੀਂ ਲਾਗੂ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਛੋਟੇ ਟੈਕਸ ਡਿਫਾਲਟ ਕਰਨ 'ਤੇ ਮੁਕਦਮਾ ਨਹੀਂ ਕੀਤਾ ਜਾ ਰਿਹਾ ਹੈ। 25 ਲੱਖ ਤੱਕ ਦੇ ਡਿਫਾਲਟ ਲਈ 2 ਵੱਡੇ ਅਧਿਕਾਰੀਆਂ ਦੀ ਮਨਜ਼ੂਰੀ ਦੀ ਜ਼ਰੂਰਤ ਹੋਵੇਗੀ।
- ਸਰਕਾਰ ਨੇ ਰਿਜ਼ਰਵ ਬੈਂਕ ਨੂੰ ਪ੍ਰਚੂਨ ਮਹਿੰਗਾਈ ਨੂੰ ਚਾਰ ਪ੍ਰਤੀਸ਼ਤ ਤੋਂ ਹੇਠਾਂ ਰੱਖਣ ਦਾ ਟੀਚਾ ਦਿੱਤਾ ਹੈ। ਹਾਲਾਂਕਿ ਪ੍ਰਚੂਨ ਮੁਦਰਾਸਫਿਤੀ ਅਗਸਤ ਵਿੱਚ ਵੱਧ ਕੇ 3.21 ਪ੍ਰਤੀਸ਼ਤ ਹੋ ਗਈ ਹੈ। ਪਰ ਇਹ ਹੁਣ ਨਿਰਧਾਰਤ ਸੀਮਾ ਦੇ ਅੰਦਰ ਹੈ।
- ਸੀਤਾਰਮਨ ਨੇ ਕਿਹਾ ਕਿ ਵਸਤਾਂ ਅਤੇ ਸੇਵਾਵਾਂ ਟੈਕਸ (ਜੀਐਸਟੀ) ਦੇ ਤਹਿਤ ਇਨਪੁਟ ਟੈਕਸ ਕ੍ਰੈਡਿਟ ਲਈ ਇੱਕ ਪੂਰੀ ਸਵੈਚਾਲਤ ਇਲੈਕਟ੍ਰਾਨਿਕ ਰਿਫੰਡ ਪ੍ਰਣਾਲੀ ਅਪਣਾਈ ਜਾਏਗੀ। ਜੋ ਕਿ ਇਸ ਮਹੀਨੇ ਦੇ ਆਖ਼ਰ ਤਕ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਇਨਪੁਟ ਟੈਕਸ ਕਰੈਡਿਟ ਦੀ ਵਾਪਸੀ ਨੂੰ ਸਵੈਚਾਲਤ ਅਤੇ ਤੇਜ਼ ਬਣਾਉਣਾ ਹੈ।