ਨਵੀਂ ਦਿੱਲੀ: ਮਿਊਚੁਅਲ ਫੰਡ ਉਦਯੋਗ ਨੇ ਜੂਨ ਦੀ ਤਿਮਾਹੀ ਵਿੱਚ 18 ਲੱਖ ਨਿਵੇਸ਼ਕ ਖਾਤਿਆਂ ਨੂੰ ਜੋੜਿਆ। ਇਸ ਤਰ੍ਹਾਂ ਉਤਾਰ-ਚੜ੍ਹਾਅ ਵਾਲੀਆਂ ਮਾਰਕੀਟ ਸਥਿਤੀਆਂ ਦੇ ਬਾਵਜੂਦ ਫੋਲੀਓ ਦੀ ਕੁੱਲ ਗਿਣਤੀ ਵੱਧ ਕੇ 9.15 ਕਰੋੜ ਹੋ ਗਈ ਹੈ।
ਗ੍ਰੋ ਦੇ ਸਹਿ-ਸੰਸਥਾਪਕ ਹਰਸ਼ ਜੈਨ ਨੇ ਕਿਹਾ ਕਿ ਡਿਜੀਟਲ ਪਲੇਟਫਾਰਮਾਂ ਦਾ ਖਾਸ ਕਰਕੇ ਤਾਲਾਬੰਦੀ ਦੌਰਾਨ ਫੋਲੀਓ ਦੀ ਗਿਣਤੀ ਵਧਾਉਣ ਵਿੱਚ ਮਹੱਤਵਪੂਰਣ ਯੋਗਦਾਨ ਰਿਹਾ ਹੈ।
ਫੋਲੀਓ ਇਕ ਅਜਿਹਾ ਨੰਬਰ ਹੁੰਦਾ ਹੈ ਜੋ ਵਿਅਕਤੀਗਤ ਨਿਵੇਸ਼ਕ ਖਾਤਿਆਂ ਨੂੰ ਦਿੱਤਾ ਜਾਂਦਾ ਹੈ। ਇੱਕ ਨਿਵੇਸ਼ਕ ਦੇ ਕਈ ਸਾਰੇ ਫੋਲੀਓ ਹੋ ਸਕਦੇ ਹਨ।
ਮਿਊਚੁਅਲ ਫੰਡ ਇਨ ਇੰਡੀਆ ਦੇ ਅੰਕੜਿਆਂ ਮੁਤਾਬਕ ਜੂਨ ਦੀ ਤਿਮਾਹੀ ਵਿੱਚ ਫੋਲੀਓ ਦੀ ਗਿਣਤੀ 17.96 ਲੱਖ ਵੱਧ ਕੇ 9,15,42,092 ਹੋ ਗਈ। ਮਾਰਚ ਤਿਮਾਹੀ ਦੇ ਆਖਿਰ ਤੱਕ ਇਹ ਅੰਕੜਾ 8,97,46,051 ਸੀ।
ਮਾਰਨਿੰਗਸਟਾਰ ਇੰਡੀਆ ਦੇ ਐਸੋਸੀਏਟ ਡਾਇਰੈਕਟਰ (ਪ੍ਰਬੰਧਕ ਰਿਸਰਚ) ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ, “ਮਾਰਚ ਵਿੱਚ ਮਾਰਕੀਟ ਵਿੱਚ ਭਾਰੀ ਗਿਰਾਵਟ ਆਈ। ਇਸ ਨਾਲ ਨਿਵੇਸ਼ਕਾਂ ਨੂੰ ਸ਼ੇਅਰ ਬਾਜ਼ਾਰਾਂ ਵਿੱਚ ਨਿਵੇਸ਼ ਕਰਨ ਦਾ ਇੱਕ ਚੰਗਾ ਮੌਕਾ ਮਿਲਿਆ। ਸੰਭਾਵਨਾ ਹੈ ਕਿ ਕਈ ਸਾਰੇ ਨਵੇਂ ਨਿਵੇਸ਼ਕਾਂ ਨੂੰ ਇਹ ਮੌਕਾ ਚੰਗਾ ਲੱਗਿਆ ਹੋਵੇ।“
ਉਨ੍ਹਾਂ ਕਿਹਾ ਕਿ ਅਪ੍ਰੈਲ ਵਿੱਚ ਫੋਲੀਓ ਦੀ ਗਿਣਤੀ ਵਿੱਚ ਭਾਰੀ ਵਾਧੇ ਨਾਲ ਇਸਦਾ ਸੰਕੇਤ ਮਿਲਦਾ ਹੈ। ਇਸ ਤੋਂ ਇਲਾਵਾ ਮਈ ਅਤੇ ਜੂਨ ਵਿੱਚ ਵੀ ਫੋਲੀਓ ਦੀ ਗਿਣਤੀ ਵਿੱਚ ਵਾਧਾ ਹੋਇਆ ਸੀ।
(ਪੀਟੀਆਈ-ਭਾਸ਼ਾ)