ਨਵੀਂ ਦਿੱਲੀ: ਰਿਲਾਇੰਸ ਜਿਓ ਦਾ ਰਿਲਾਇੰਸ ਕਮਿਊਨੀਕੇਸ਼ਨ (ਆਰਕਾਮ) ਦੇ ਨਾਲ 4 ਸਾਲ ਪੁਰਾਣਾ ਦੂਰਸੰਚਾਰ ਸਪੈਕਟ੍ਰਮ ਸਮਝੌਤਾ ਸੌਦਾ, ਆਰਕਾਮ ਦੀ ਪਿਛਲੀਆਂ ਕਾਨੂੰਨੀ ਦੇਣਦਾਰੀਆਂ ਨਾਲ ਨਹੀਂ ਜੁੜਿਆ ਹੈ, ਜੋ 2016 ਤੋਂ ਪਹਿਲਾਂ ਦੀਆਂ ਹਨ, ਜਦੋਂ ਜਿਓ ਚਾਲੂ ਨਹੀਂ ਹੋਈ ਸੀ। ਕੰਪਨੀ ਦੇ ਇੱਕ ਸੂਤਰ ਨੇ ਇਹ ਜਾਣਕਾਰੀ ਦਿੱਤੀ।
ਸੁਪਰੀਮ ਕੋਰਟ ਦੀ ਇੱਕ ਬੈਂਚ ਨੇ ਸ਼ੁੱਕਰਵਾਰ ਨੂੰ ਇਹ ਜਾਨਣਾ ਚਾਹਿਆ ਕਿ ਰਿਲਾਇੰਸ ਜਿਓ ਇੰਫੋਕਾਮ ਲਿਮਟਿਡ (RJIL) ਨੂੰ ਰਿਲਾਇੰਸ ਕਮਿਊਨੀਕੇਸ਼ਨ ਦੀ ਵਿਵਸਥਿਤ ਕੁੱਲ ਆਮਦਨ (AGR) ਦੇ ਬਕਾਏ ਦਾ ਭੁਗਤਾਨ ਕਿਉਂ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ 2016 ਤੋਂ ਬਾਅਦ ਤੋਂ ਸਪੈਕਟ੍ਰਮ ਦੀ ਵਰਤੋਂ ਕਰ ਰਿਹਾ ਹੈ।
ਇੱਕ ਸੂਤਰ ਨੇ ਮਾਮਲੇ ਦੇ ਹਾਈਕੋਰਟ ਦੇ ਵਿੱਚ ਹੋਣ ਦੇ ਕਾਰਨ ਨਾਂਅ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਆਰਜੇਆਈਐੱਲ ਨੇ ਅਪ੍ਰੈਲ 2016 ਵਿੱਚ ਆਰਕਾਮ ਅਤੇ ਉਸ ਦੀ ਇਕਾਈ ਰਿਲਾਇੰਸ ਟੈਲੀਕਾਮ ਲਿਮਟਿਡ ਦੇ ਸਪੈਕਟ੍ਰਮ ਦੇ ਇੱਕ ਹਿੱਸੇ ਨੂੰ ਸਾਂਝਾ ਕਰਨ ਦੇ ਲਈ ਇੱਕ ਸਮਝੌਤਾ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਸਾਂਝਾ ਕੀਤਾ ਗਿਆ ਸਪੈਕਟ੍ਰਮ 800 ਮੈਗਾਹਰਟਜ਼ ਬੈਂਡ ਤੱਕ ਸੀਮਿਤ ਸੀ ਅਤੇ ਦੂਰਸੰਚਾਰ ਵਿਭਾਗ ਦੇ ਸਪੈਕਟ੍ਰਮ ਹਿੱਸੇਦਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸੀ।
ਆਰਕਾਮ ਦੇ 1,800 ਮੈਗਾਹਰਟਜ਼ ਬੈਂਡ ਦੇ 2ਜੀ, 3ਜੀ ਅਤੇ 4ਜੀ ਸਪਕੈਟ੍ਰਮ ਨੂੰ ਸਾਂਝਾ ਨਹੀਂ ਕੀਤਾ ਗਿਆ। ਸੂਤਰ ਨੇ ਦੱਸਿਆ ਕਿ ਆਰਕਾਮ ਅਤੇ ਆਰਟੀਐੱਲ ਦਾ ਏਜੀਆਰ ਬਕਾਇਆ ਇਸ ਸਪੈਕਟ੍ਰਮ ਸਾਂਝੇਦਾਰੀ ਨਾਲ ਕਿਸੇ ਵੀ ਤਰ੍ਹਾਂ ਜੁੜਿਆ ਨਹੀਂ ਹੈ। ਉਨ੍ਹਾਂ ਦੇ ਨਾਲ ਹੀ ਦੱਸਿਆ ਕਿ ਸਾਂਝੇ ਸਪੈਕਟ੍ਰਮ ਨਾਲ ਹੋਈ ਆਮਦਨ ਉੱਤੇ ਆਰਕਾਮ/ਆਰਟੀਐੱਲ ਅਤੇ ਆਰਜੇਆਈਐੱਲ ਦੋਵਾਂ ਨੇ ਏਜੀਆਰ ਭਰਿਆ ਹੈ।
ਉਨ੍ਹਾਂ ਨੇ ਦੱਸਿਆ ਕਿ 2016 ਤੋਂ ਪਹਿਲਾਂ ਆਰਕਾਮ/ਆਰਟੀਐੱਲ ਦੇ 2ਜੀ/3ਜੀ ਕਾਰੋਬਾਰ ਨਾਲ ਸਬੰਧਿਤ ਏਜੀਆਰ ਬਕਾਏ ਦਾ ਇਸ ਸਪੈਕਟ੍ਰਮ ਹਿੱਸੇਦਾਰੀ ਨਾਲ ਮਤਲਬ ਨਹੀਂ ਹੈ, ਕਿਉਂਕਿ ਉਸ ਸਮੇਂ ਆਰਜੇਆਈਐੱਲ ਚਾਲੂ ਨਹੀਂ ਹੋਈ ਸੀ।