ਨਵੀਂ ਦਿੱਲੀ: ਭਾਰਤ ਨੂੰ ਬਹੁ-ਰਾਸ਼ਟਰੀ ਕੰਪਨੀਆਂ ਵੱਲੋਂ ਟੈਕਸ ਨਿਯਮਾਂ ਦੀ ਦੁਰਵਰਤੋਂ ਅਤੇ ਨਿੱਜੀ ਪੱਧਰ 'ਤੇ ਲੋਕਾਂ ਦੇ ਟੈਕਸ ਚੋਰੀ ਕਰਨ ਕਾਰਨ ਹਰ ਸਾਲ 10.3 ਅਰਬ ਡਾਲਰ (ਲਗਭਗ 75,000 ਕਰੋੜ ਰੁਪਏ) ਦਾ ਘਾਟਾ ਪੈ ਰਿਹਾ ਹੈ।
ਸਟੇਟ ਆਫ਼ ਟੈਕਸ ਜਸਟਿਸ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਅਨੁਸਾਰ, ਵਿਸ਼ਵ ਪੱਧਰ 'ਤੇ ਦੇਸ਼ ਹਰ ਸਾਲ 427 ਬਿਲੀਅਨ ਤੋਂ ਵੱਧ ਦਾ ਘਾਟਾ ਸਹਿ ਰਹੇ ਹਨ। ਇਸਦਾ ਮੁੱਖ ਕਾਰਨ ਅੰਤਰਰਾਸ਼ਟਰੀ ਕਾਰਪੋਰੇਟ ਟੈਕਸ ਅਤੇ ਨਿੱਜੀ ਟੈਕਸ ਦੀ ਚੋਰੀ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਰਕਮ ਨਾਲ ਵਿਸ਼ਵ ਭਰ ਵਿੱਚ ਹਰ ਸਾਲ ਲਗਭਗ 3.4 ਕਰੋੜ ਨਰਸਾਂ ਦੀ ਸਾਲਾਨਾ ਤਨਖ਼ਾਹ ਦਿੱਤੀ ਜਾ ਸਕਦੀ ਹੈ।
ਭਾਰਤ ਦੇ ਸੰਦਰਭ ਵਿੱਚ, ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਟੈਕਸ ਚੋਰੀ ਕਾਰਨ ਦੇਸ਼ ਦੇ ਕੁਲ ਘਰੇਲੂ ਉਤਪਾਦ (ਜੀਡੀਪੀ) ਦੇ 0.41 ਫ਼ੀਸਦੀ ਦਾ ਟੈਕਸ ਘਾਟਾ ਪੈ ਰਿਹਾ ਹੈ, ਜੋ ਕਿ 10.3 ਅਰਬ ਡਾਲਰ ਹੈ। ਇਸ ਦਾ ਕਾਰਨ ਵਿਸ਼ਵ ਪੱਧਰ ਉੁੱਤੇ ਸਾਲਾਨਾ ਟੈਕਸ ਚੋਰੀ ਹੋਣਾ ਹੈ।
ਰਿਪੋਰਟ ਦੇ ਅਨੁਸਾਰ, ਬਹੁ ਰਾਸ਼ਟਰੀ ਕੰਪਨੀਆਂ ਤੋਂ 10 ਬਿਲੀਅਨ ਡਾਲਰ ਦਾ ਟੈਕਸ ਘਾਟਾ ਪੈ ਰਿਹਾ ਹੈ, ਜਦੋਂ ਕਿ ਵਿਅਕਤੀਆਂ ਦੇ ਟੈਕਸ ਚੋਰੀ ਤੋਂ 20 ਕਰੋੜ ਡਾਲਰ ਦਾ ਨੁਕਸਾਨ ਹੋ ਰਿਹਾ ਹੈ।
ਇਸਦੇ ਸਮਾਜਿਕ ਪ੍ਰਭਾਵਾਂ ਦੀ ਗੱਲ ਕਰੀਏ ਤਾਂ ਇਹ ਸਰਕਾਰ ਦੇ ਕੁਲ ਸਿਹਤ ਬਜਟ ਦਾ 44.70 ਫ਼ੀਸਦੀ ਅਤੇ ਸਿੱਖਿਆ ਬਜਟ ਦੇ 10.68 ਫ਼ੀਸਦੀ ਦੇ ਬਰਾਬਰ ਹੈ. ਇਸ ਨਾਲ 42.30 ਲੱਖ ਨਰਸਾਂ ਨੂੰ ਸਾਲ ਭਰ ਦੀ ਤਨਖ਼ਾਹ ਦਿੱਤੀ ਜਾ ਸਕਦੀ ਹੈ।