ਨਵੀਂ ਦਿੱਲੀ: ਸੋਮਵਾਰ ਨੂੰ ਵਿੱਤ ਮੰਤਰਾਲੇ ਨੇ ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦੀ ਪਹਿਲੀ ਬਰਸੀ ਮੌਕੇ ਕਈ ਟਵੀਟ ਕੀਤੇ। ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਵਸਤੂ ਅਤੇ ਸੇਵਾ ਟੈਕਸ (ਜੀਐਸਟੀ) ਦੇ ਕਾਰਨ ਟੈਕਸ ਦੀਆਂ ਦਰਾਂ ਘਟੀਆਂ ਹਨ। ਇਸ ਦੇ ਨਾਲ, ਟੈਕਸਦਾਤਾਵਾਂ ਦਾ ਅਧਾਰ ਦੁੱਗਣਾ ਹੋ ਕੇ 1.24 ਕਰੋੜ ਤੱਕ ਪਹੁੰਚ ਗਿਆ ਹੈ। ਜੀਐਸਟੀ 1 ਜੁਲਾਈ, 2017 ਨੂੰ ਦੇਸ਼ ਵਿੱਚ ਲਾਗੂ ਕੀਤਾ ਗਿਆ ਸੀ।
ਵਿੱਤ ਮੰਤਰਾਲੇ ਨੇ ਕਿਹਾ ਕਿ ਵਸਤੂ ਅਤੇ ਸੇਵਾ ਟੈਕਸ ਦੇ ਫਰੰਟ 'ਤੇ ਟੈਕਸ ਦੇਣ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਵਿੱਤ ਮੰਤਰਾਲੇ ਨੇ ਵਪਾਰੀਆਂ ਨੂੰ ਦਿੱਤੀ ਜੀਐਸਟੀ ਛੋਟ ਦੁੱਗਣੀ ਕਰ ਦਿੱਤੀ ਹੈ। ਹੁਣ 40 ਲੱਖ ਰੁਪਏ ਤੱਕ ਦੇ ਸਾਲਾਨਾ ਕਾਰੋਬਾਰ ਵਾਲੇ ਵਪਾਰੀਆਂ ਨੂੰ ਜੀਐਸਟੀ ਤੋਂ ਛੋਟ ਹੈ। ਮੰਤਰਾਲੇ ਨੇ ਕਿਹਾ ਕਿ ਸ਼ੁਰੂਆਤ ਵਿੱਚ ਇਹ ਸੀਮਾ 20 ਲੱਖ ਰੁਪਏ ਸੀ।
ਵਿੱਤ ਮੰਤਰਾਲੇ ਨੇ ਕਿਹਾ ਕਿ ਜੀਐਸਟੀ ਲਾਗੂ ਹੋਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਵਸਤਾਂ ਉੱਤੇ ਟੈਕਸ ਦੀ ਦਰ ਨੂੰ ਹੇਠਾਂ ਲਿਆਂਦਾ ਗਿਆ ਸੀ। ਹੁਣ ਤੱਕ 28% ਦੀ ਦਰ ਲਗਜ਼ਰੀ ਵਸਤੂਆਂ ਤੱਕ ਸੀਮਤ ਹੈ। 28% ਸਲੈਬ ਦੀਆਂ ਕੁੱਲ 230 ਵਸਤੂਆਂ ਵਿਚੋਂ, ਤਕਰੀਬਨ 200 ਚੀਜ਼ਾਂ ਹੇਠਲੇ ਸਲੈਬ ਵਿਚ ਤਬਦੀਲ ਕੀਤੀਆਂ ਗਈਆਂ ਹਨ।
ਨਿਰਮਾਣ ਖੇਤਰ, ਖਾਸ ਕਰਕੇ ਹਾਊਸਿੰਗ ਸੈਕਟਰ ਨੂੰ ਮਹੱਤਵਪੂਰਨ ਰਾਹਤ ਪ੍ਰਦਾਨ ਕੀਤੀ ਗਈ ਹੈ। ਇਸ ਨੂੰ ਹੁਣ 5% ਦੀ ਦਰ ਉੱਤੇ ਰੱਖਿਆ ਗਿਆ ਹੈ। ਕਿਫਾਇਤੀ ਹਾਊਸਿੰਗ 'ਤੇ ਜੀਐਸਟੀ 1% ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਜੀਐਸਟੀ ਵਿਚਲੀਆਂ ਸਾਰੀਆਂ ਪ੍ਰਕਿਰਿਆਵਾਂ ਪੂਰੀ ਤਰ੍ਹਾਂ ਸਵੈਚਾਲਿਤ ਹਨ। ਹੁਣ ਤੱਕ 50 ਕਰੋੜ ਰਿਟਰਨ ਆਨਲਾਈਨ ਭਰੀਆਂ ਜਾ ਚੁੱਕੀਆਂ ਹਨ ਅਤੇ 131 ਕਰੋੜ ਈ-ਵੇਅ ਬਿੱਲ ਤਿਆਰ ਕੀਤੇ ਜਾ ਚੁੱਕੇ ਹਨ।
ਮੰਤਰਾਲੇ ਨੇ ਕਿਹਾ ਕਿ ਜੀਐਸਟੀ ਤੋਂ ਪਹਿਲਾਂ ਵੈਟ, ਐਕਸਾਈਜ਼ ਅਤੇ ਸੇਲਜ਼ ਟੈਕਸ ਦਾ ਭੁਗਤਾਨ ਕਰਨਾ ਪੈਂਦਾ ਸੀ। ਸਮੂਹਕ ਤੌਰ 'ਤੇ ਇਨ੍ਹਾਂ ਦੇ ਕਾਰਨ ਟੈਕਸ ਦੀ ਮਿਆਰੀ ਦਰ 31 ਪ੍ਰਤੀਸ਼ਤ ਤੱਕ ਪਹੁੰਚ ਜਾਂਦੀ ਸੀ।