ਪਣਜੀ : ਜੀਐੱਸੀਟੀ ਕੌਂਸਲ ਨੇ ਆਰਥਿਕ ਨਰਮੀ ਵਿਚਕਾਰ ਅਲੱਗ-ਅਲੱਗ ਉਦਯੋਗਾਂ ਨੂੰ ਰਾਹਤ ਦਿੰਦੇ ਹੋਏ ਹੋਟਲ ਅਤੇ ਵਾਹਨ ਉਦਯੋਗ ਵਰਗੇ ਕੁੱਝ ਖੇਤਰਾਂ ਨੂੰ ਕਰ ਜਾਂ ਉਪ-ਕਰ ਵਿੱਚ ਰਾਹਤ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਉੱਲਟ, ਕੈਫ਼ੀਨ ਵਾਲੇ ਪੀਣ ਵਾਲੇ ਪਦਾਰਥ ਅਤੇ ਰੇਲ ਗੱਡੀ ਦੇ ਸਵਾਰੀ ਡੱਬੇ ਅਤੇ ਵੈਗਨ ਉੱਤੇ ਜੀਐੱਸਟੀ ਦਾ ਬੋਝ ਵਧਾਇਆ ਗਿਆ ਹੈ। ਨਵੀਆਂ ਦਰਾਂ 1 ਅਕਤੂਬਰ ਤੋਂ ਲਾਗੂ ਹੋਣਗੀਆਂ।
ਬੈਠਕ ਵਿੱਚ ਫ਼ੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਵਿੱਤ ਮੰਤਰੀ ਸੀਤਾਰਮਣ ਨੇ ਕਿਹਾ ਕਿ 1,001 ਤੋਂ 7500 ਰੁਪਏ ਤੱਕ ਦੇ ਹੋਟਲ ਕਮਰਿਆਂ ਉੱਤੇ ਜੀਐੱਸਟੀ ਦਰਾਂ ਨੂੰ 18 ਫ਼ੀਸਦੀ ਤੋਂ ਘਟਾ ਕੇ 12 ਫ਼ੀਸਦੀ ਕੀਤਾ ਗਿਆ ਹੈ। ਉਥੇ ਹੀ 7,500 ਰੁਪਏ ਤੋਂ ਜ਼ਿਆਦਾ ਦੇ ਹੋਟਲ ਕਮਰਿਆਂ ਉੱਤੇ 28 ਫ਼ੀਸਦੀ ਦੀ ਥਾਂ 18 ਫ਼ੀਸਦੀ ਦਾ ਜੀਐੱਸਟੀ ਲੱਗੇਗਾ। ਇੱਕ ਹਜ਼ਾਰ ਰੁਪਏ ਤੋਂ ਘੱਟ ਦੇ ਹੋਟਲ ਕਮਰਿਆਂ ਉੱਤੇ ਕੋਈ ਜੀਐੱਸਟੀ ਨਹੀਂ ਹੈ।
ਉਨ੍ਹਾਂ ਨੇ ਦੱਸਿਆ ਕਿ ਜੀਐੱਸਟੀ ਕੌਂਸਲ ਨੇ 1,500 ਸੀਸੀ ਦੇ ਡੀਜ਼ਲ ਗੱਡੀਆਂ ਅਤੇ 1200 ਸੀਸੀ ਤੱਕ ਦੇ ਪੈਟਰੌਲ ਇੰਜਣ ਗੱਡੀਆਂ ਉੱਤੇ 28 ਫ਼ੀਸਦੀ ਜੀਐੱਸਟੀ ਦੇ ਨਾਲ ਲੱਗਣ ਵਾਲੇ ਉਪ-ਕਰ ਨੂੰ ਘਟਾ ਕੇ ਲੜੀਵਾਰ 1 ਅਤੇ 3 ਫ਼ੀਸਦੀ ਕਰ ਦਿੱਤਾ ਹੈ।
ਕੌਂਸਲ ਨੇ ਜੀਪ ਉੱਤੇ ਜੀਐੱਸਟੀ ਨੂੰ 18 ਤੋਂ ਘਟਾ ਕੇ 12 ਫ਼ੀਸਦੀ, ਸਮੁੰਦਰੀ ਕਿਸ਼ਤੀਆਂ ਦੇ ਈਂਧਨ ਉੱਤੇ 18 ਫ਼ੀਸਦੀ ਤੋਂ 5 ਫ਼ੀਸਦੀ, ਪੱਥਰ ਦੀ ਚਾਕ ਵਾਲੇ ਗ੍ਰਾਇੰਡਰ ਉੱਤੇ 12 ਫ਼ੀਸਦੀ ਦੀ ਥਾਂ 5 ਫ਼ੀਸਦੀ, ਸੁੱਕੀ ਇਮਲੀ ਅਤੇ ਦੋਨੇ ਪੱਤਲ ਉੱਤੇ ਜੀਐੱਸਟੀ ਨੂੰ ਖ਼ਤਮ ਕਰ ਦਿੱਤਾ ਹੈ।