ਨਵੀਂ ਦਿੱਲੀ : ਕੋਰੋਨਾ ਵਾਇਰਸ ਦਾ ਕਹਿਰ ਫ਼ਲ ਕਾਰੋਬਾਰ ਉੱਤੇ ਭਾਰੀ ਪਿਆ ਹੈ, ਜਦਕਿ ਇਸ ਜਾਨਲੇਵਾ ਵਾਇਰਸ ਦੇ ਫ਼ੈਲਾਅ ਨੂੰ ਰੋਕਣ ਦੇ ਲਈ ਐਲਾਨੇ ਗਏ 21 ਦਿਨਾਂ ਦੇ ਲਾਕਡਾਊਨ ਦੌਰਾਨ ਫ਼ਲ-ਸਬਜ਼ੀਆਂ ਸਮੇਤ ਖਾਣ-ਪੀਣ ਦੀਆਂ ਕਈ ਚੀਜ਼ਾਂ ਦੀ ਸਪਲਾਈ ਨੂੰ ਬਣਾਏ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ।
ਦਰਅਸਲ, ਥੋਕ ਮੰਡੀਆਂ ਵਿੱਚ ਫ਼ਲਾਂ ਦੀ ਮੰਗ ਨਰਮ ਪੈਣ ਨਾਲ ਕਾਰੋਬਾਰੀਆਂ ਨੇ ਇਸ ਦੀ ਪੂਰਤੀ ਵੀ ਘਟਾ ਦਿੱਤੀ ਹੈ, ਜਿਸ ਨਾਲ ਫ਼ਲਾਂ ਦਾ ਕਾਰੋਬਾਰ ਲਗਭਗ 60 ਫ਼ੀਸਦ ਘੱਟ ਗਿਆ ਹੈ।
ਚੈਂਬਰ ਆਫ਼ ਅਜ਼ਾਦਪੁਰ ਫ਼ਲ ਤੇ ਸਬਜ਼ੀ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਐੱਮ.ਆਰ ਕ੍ਰਿਪਲਾਨੀ ਨੇ ਆਈਏਐੱਨਐੱਸ ਨੂੰ ਦੱਸਿਆ ਕਿ ਬੀਤੇ 15 ਦਿਨਾਂ ਵਿੱਚ ਫ਼ਲਾਂ ਦੀ ਮੰਗ ਘੱਟ ਹੋਣ ਨਾਲ ਇਸ ਦੇ ਕਾਰੋਬਾਰ ਵਿੱਚ 60 ਫ਼ੀਸਦ ਦੀ ਕਮੀ ਆਈ ਹੈ। ਉਨ੍ਹਾਂ ਨੇ ਕਿਹਾ ਕਿ ਫ਼ਲਾਂ ਦੇ ਖ਼ਰੀਦਦਾਰ ਘੱਟ ਹੋਣ ਕਰ ਕੇ ਮੰਡੀਆਂ ਤੋਂ ਮਾਲ ਘੱਟ ਚੁੱਕਿਆ ਜਾ ਰਿਹਾ ਹੈ।
ਕ੍ਰਿਪਲਾਨੀ ਦੇ ਇਸ ਬਿਆਨ ਦੀ ਪੁਸ਼ਟੀ ਮੰਡੀ ਵਿੱਚ ਫ਼ਲਾਂ ਦੀ ਪਹੁੰਚ ਦੇ ਰਿਕਾਰਡ ਤੋਂ ਵੀ ਹੁੰਦੀ ਹੈ। ਅਜ਼ਾਦਪੁਰ ਮੰਡੀ ਏਪੀਐੱਮਸੀ ਨਾਲ ਮਿਲੀ ਜਾਣਕਾਰੀ ਮੁਤਾਬਕ ਸੇਬ ਜਿਹੜੇ ਪਹਿਲਾਂ 1,000 ਟਨ ਤੋਂ ਜ਼ਿਆਦਾ ਆਉਦੇ ਸਨ ਉਹ ਸ਼ਨਿਚਰਵਾਰ ਨੂੰ ਇਸ ਦੀ ਪਹੁੰਚ ਮਹਿਜ਼ 132 ਟਨ ਸੀ। ਇਸੇ ਪ੍ਰਕਾਰ ਮੌਸੱਮੀ ਵੀ ਪਹਿਲਾਂ 1,100-1,200 ਟਨ ਰੋਜ਼ਾਨਾ ਆਉਂਦੀ ਸੀ, ਜਦਕਿ ਸ਼ਨਿਚਰਵਾਰ ਨੂੰ ਇਸ ਦੀ ਪਹੁੰਚ ਸਿਰਫ਼ 320 ਟਨ ਸੀ।
ਇਸੇ ਪ੍ਰਕਾਰ ਅਨਾਰ, ਅਮਰੂਦ ਅਤੇ ਕੇਲੇ ਦੀ ਪਹੁੰਚ ਵਿੱਚ ਵੀ ਕਮੀ ਆਈ ਹੈ। ਦੱਖਣੀ ਭਾਰਤ ਤੋਂ ਅੰਬ ਦੀ ਪਹੁੰਚ 50 ਟਨ ਅਤੇ ਅੰਗੂਰ ਦੀ ਪਹੁੰਚ 352 ਟਨ ਸੀ। ਏਪੀਐੱਮਸੀ ਦੇ ਇੱਕ ਕਰਮਚਾਰੀ ਨੇ ਦੱਸਿਆ ਕਿ ਅੰਗੂਰ ਇੱਕ ਦਿਨ ਦੇ ਅੰਤਰ ਨਾਲ ਮੰਗਵਾਇਆ ਜਾ ਰਿਹਾ ਹੈ ਤਾਂਕਿ ਜੋ ਮਾਲ ਆਉਂਦਾ ਹੈ ਉਸ ਦੀ ਵਿਕਰੀ ਨਿਸ਼ਚਿਤ ਹੋ ਸਕੇ।
ਏਪੀਐੱਮਸੀ ਦੇ ਚੇਅਰਮੈਨ ਦਾ ਕਹਿਣਾ ਹੈ ਕਿ ਮੰਡੀ ਵਿੱਚ ਮੌਜੂਦਾ ਮੰਗ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਹੈ ਕਿ ਇੱਕ ਆੜ੍ਹਤ ਹੁਣ ਇੱਕ ਹੀ ਟਰੱਕ ਮਾਲ ਮੰਗਵਾਏਗਾ ਤਾਂਕਿ ਮੰਡੀ ਵਿੱਚ ਭੀੜ ਨਾ ਹੋਵੇ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਵਿੱਚ ਵੀ ਕੋਈ ਦਿੱਕਤ ਨਾ ਆਵੇ। ਉਨ੍ਹਾਂ ਨੇ ਕਿਹਾ ਇਸ ਸਮੇਂ ਮੰਡੀ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀ ਪਹੁੰਚ ਇਸ ਦੀ ਮੰਗ ਤੋਂ ਜ਼ਿਆਦਾ ਹੈ।
(ਆਈਏਐੱਨਐੱਸ)