ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਣ 3 ਸਤੰਬਰ ਨੂੰ ਬੈਂਕ ਤੇ ਗੈਰ-ਬੈਂਕਿੰਗ ਵਿੱਤ ਕੰਪਨੀਆਂ (ਐਨਬੀਐਫਸੀ ) ਦੇ ਮੁਖੀਆਂ ਨਾਲ ਸਮੀਖਿਆ ਬੈਠਕ ਕਰਨਗੇ। ਇਹ ਬੈਠਕ ਕੋਵਿਡ-19 ਨਾਲ ਜੁੜੇ ਵਿੱਤੀ ਦਬਾਅ ਦੇ ਨਿਪਟਾਰੇ ਲਈ ਇੱਕ ਬਾਰਗੀ ਕਰਜ਼ ਪੁਨਰਗਠਨ ਯੋਜਨਾ ਨੂੰ ਲਾਗੂ ਕਰਨ ਤੋਂ ਪਹਿਲਾਂ ਕੀਤੀ ਜਾ ਰਹੀ ਹੈ
ਉਨ੍ਹਾਂ ਦੀ ਇਸ ਬੈਠਕ ਦਾ ਮਕਸਦ ਯੋਜਨਾ ਨੂੰ ਸਹੀ ਢੰਗ ਅਤੇ ਤੇਜ਼ੀ ਨਾਲ ਲਾਗੂ ਹੋਣ ਨੂੰ ਯਕੀਨੀ ਬਣਾਉਣਾ ਹੈ।
ਵਿੱਤ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ, “ਸਮੀਖਿਆ ਦੌਰਾਨ ਇਹ ਨੋਟ ਕੀਤਾ ਜਾਵੇਗਾ ਕਿ ਆਖ਼ਿਰਕਾਰ ਕਿਵੇਂ ਕਾਰੋਬਾਰੀਆਂ ਤੇ ਲੋਕਾਂ ਨੂੰ ਵਿਵਹਾਰ ਦੇ ਅਧਾਰ 'ਤੇ ਮੁੜ ਬਹਾਲੀ ਪ੍ਰਣਾਲੀ ਦੀ ਸਹੀ ਵਰਤੋਂ ਕਰਨ ਦੇ ਸਮਰਥ ਬਣਾਇਆ ਜਾਵੇ। ਸਮੀਖਿਆ ਦੌਰਾਨ ਵੱਖ- ਵੱਖ ਜਰੂਰੀ ਬੈਂਕ ਨੀਤੀਆਂ ਨੂੰ ਅੰਤਮ ਰੂਪ ਦੇਣ ਅਤੇ ਕਰਜ਼ਦਾਰਾਂ ਦੀ ਪਛਾਣ ਕਰਨ ਵਰਗੇ ਕਦਮਾਂ ਦੇ ਨਾਲ-ਨਾਲ, ਉਨ੍ਹਾਂ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ, ਜਿਨ੍ਹਾਂ ਨੂੰ ਸੁਚਾਰੂ ਅਤੇ ਤੇਜ਼ੀ ਨਾਲ ਲਾਗੂ ਕਰਨ ਲਈ ਹੱਲ ਕੀਤੇ ਜਾਣ ਦੀ ਲੋੜ ਹੈ।”
ਇਸ 'ਚ ਕਿਹਾ ਗਿਆ ਹੈ ਕਿ ਵੀਰਵਾਰ ਨੂੰ, ਵਿੱਤ ਮੰਤਰੀ ਅਨੁਸੂਚਿਤ ਵਪਾਰਕ ਬੈਂਕਾਂ ਅਤੇ ਐਨਬੀਐਫਸੀ ਦੇ ਉੱਚ ਪ੍ਰਬੰਧਕਾਂ ਨਾਲ ਬੈਂਕ ਕਰਜ਼ਿਆਂ 'ਤੇ ਕੋਵਿਡ -19 ਸਬੰਧੀ ਦਬਾਅ ਦੇ ਨਿਪਟਾਰੇ ਨੂੰ ਲਾਗੂ ਕਰਨ ਦੀ ਸਮੀਖਿਆ ਕਰਨਗੇ।