ਨਵੀਂ ਦਿੱਲੀ: ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਬੁੱਧਵਾਰ ਸਵੇਰੇ ਰਿਲਾਇੰਸ ਜੀਓ ਵਿੱਚ ਵੱਡੇ ਨਿਵੇਸ਼ ਦਾ ਐਲਾਨ ਕੀਤਾ ਹੈ। ਕੰਪਨੀ ਨੇ ਜੀਓ ਵਿੱਚ 5.7 ਬਿਲੀਅਨ (43,574 ਕਰੋੜ ਰੁਪਏ) ਦਾ ਨਿਵੇਸ਼ ਕੀਤਾ ਹੈ। ਇਸ ਤਰ੍ਹਾਂ ਫੇਸਬੁੱਕ ਨੇ ਰਿਲਾਇੰਸ ਜੀਓ ਦੀ 9.99 ਪ੍ਰਤੀਸ਼ਤ ਹਿੱਸੇਦਾਰੀ ਖ਼ਰੀਦ ਲਈ ਹੈ।
ਰਿਲਾਇੰਸ ਜੀਓ ਨੇ ਇਕ ਬਿਆਨ ਵਿੱਚ ਕਿਹਾ, “ਅੱਜ ਅਸੀਂ ਫੇਸਬੁੱਕ ਵੱਲੋਂ ਰਿਲਾਇੰਸ ਇੰਡਸਟਰੀਜ਼ ਦੇ ਜੀਓ ਪਲੇਟਫਾਰਮ ਲਿਮਟਿਡ ਵਿੱਚ 5.7 ਬਿਲੀਅਨ (43,574 ਕਰੋੜ ਰੁਪਏ) ਦੇ ਨਿਵੇਸ਼ ਦਾ ਐਲਾਨ ਕਰਦੇ ਹਾਂ।” ਇਸ ਵੱਡੇ ਸੌਦੇ ਤੋਂ ਬਾਅਦ ਫੇਸਬੁੱਕ ਹੁਣ ਜੀਓ ਦਾ ਸਭ ਤੋਂ ਵੱਡਾ ਸ਼ੇਅਰ ਧਾਰਕ ਬਣ ਗਿਆ ਹੈ।
ਫੇਸਬੁੱਕ ਨਾਲ ਸਾਂਝੇਦਾਰੀ ਕਰਦਿਆਂ, ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਕਿਹਾ ਕਿ ਜਦੋਂ ਰਿਲਾਇੰਸ ਨੇ ਸਾਲ 2016 ਵਿੱਚ ਜੀਓ ਦੀ ਸ਼ੁਰੂਆਤ ਕੀਤੀ ਸੀ ਤਾਂ ਉਹ ਭਾਰਤ ਦੇ ਜੀਵਨ ਪੱਧਰ ਨੂੰ ਸੁਧਾਰਨ ਤੇ ਭਾਰਤ ਨੂੰ ਵਿਸ਼ਵ ਦੇ ਪ੍ਰਮੁੱਖ ਡਿਜੀਟਲ ਸਮਾਜ ਵਜੋਂ ਉਤਸ਼ਾਹਤ ਕਰਨ ਦੇ ਯੋਗ ਕਰਨ ਦੇ ਸੁਪਨੇ ਤੋਂ ਪ੍ਰੇਰਿਤ ਸਨ।