ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਇਤਿਹਾਸਕਾਰ ਰਾਮਚੰਦਰ ਗੁਹਾ ਦੇ ਵਿਚਕਾਰ ਵੀਰਵਾਰ ਨੂੰ ਟਵਿੱਟਰ 'ਤੇ ਸ਼ਬਦਾਂ ਦੇ ਤੀਰ ਚੱਲੇ। ਮੰਤਰੀ ਨੇ ਗੁਹਾ ਨੂੰ ਕਿਹਾ ਕਿ ਉਨ੍ਹਾਂ ਨੂੰ ਆਰਥਿਕਤਾ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਸੁਰੱਖਿਅਤ ਹੱਥਾਂ ਵਿੱਚ ਹੈ।
ਇਸ ਤੋਂ ਪਹਿਲਾਂ ਇਤਿਹਾਸਕਾਰ ਨੇ ਬ੍ਰਿਟਿਸ਼ ਲੇਖਕ ਫਿਲਿਪ ਸਪ੍ਰੈਟ ਦੀ 1939 ਦੀ ਟਿੱਪਣੀ ਦਾ ਹਵਾਲਾ ਦਿੱਤਾ ਸੀ ਕਿ ਗੁਜਰਾਤ ਵਿੱਤੀ ਤੌਰ 'ਤੇ ਮਜ਼ਬੂਤ ਸੀ ਪਰ ਸੰਸਕ੍ਰਿਤਕ ਤੌਰ 'ਤੇ ਪਛੜ ਗਿਆ ਸੀ।
ਉਸ ਤੋਂ ਬਾਅਦ ਸੀਤਾਰਮਨ ਨੇ ਇੱਕ ਲੇਖ ਦਾ ਵੈਬ ਲਿੰਕ ਪੋਸਟ ਕੀਤਾ ਜੋ ਸਤੰਬਰ 2018 ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਹ ਲੇਖ ਪੋਲੈਂਡ ਸਰਕਾਰ ਵੱਲੋਂ ਜਾਮਨਗਰ ਦੇ ਸਾਬਕਾ ਮਹਾਰਾਜ ਰਾਜਾ ਜਾਮ ਸਾਹਿਬ ਦਿਗਵਿਜੇ ਸਿੰਘ ਜੀ ਜਡੇਜਾ ਦੇ ਸਨਮਾਨ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਨਾਲ ਸਬੰਧਿਤ ਸੀ। ਉਨ੍ਹਾਂ ਦੂਜੇ ਵਿਸ਼ਵ ਯੁੱਧ ਦੌਰਾਨ ਪੋਲੈਂਡ ਦੇ 1000 ਬੱਚਿਆਂ ਨੂੰ ਪਨਾਹ ਦਿੱਤੀ ਸੀ।