ਅਮਰੀਕਾ: ਭਾਰਤ, ਬ੍ਰਾਜ਼ੀਲ ਅਤੇ ਮੈਕਸਿਕੋ ਵਰਗੇ ਦੇਸ਼ਾਂ ਵਿੱਚ ਕੋਵਿਡ-19 ਮਹਾਂਮਾਰੀ ਦੇ ਕਾਰਨ ਲੱਖਾਂ ਅਤੇ ਬੱਚੇ ਬਾਲ ਲੇਬਰ ਵੱਲ ਧੱਕੇ ਜਾ ਸਕਦੇ ਹਨ। ਇਹ ਦਾਅਵਾ ਇੱਕ ਨਵੀਂ ਰਿਪੋਰਟ ਵਿੱਚ ਕੀਤਾ ਗਿਆ ਹੈ।
ਅੰਤਰ-ਰਾਸ਼ਟਰੀ ਲੇਬਰ ਸੰਗਠਨ (ਆਈਐੱਲਓ) ਅਤੇ ਯੂਨੀਸੈਫ ਦੀ ਰਿਪੋਰਟ 'ਕੋਵਿਡ-19 ਅਤੇ ਬਾਲ ਲੇਬਰ: ਸੰਕਟ ਦਾ ਸਮਾਂ, ਕੰਮ ਕਰਨ ਦਾ ਸਮਾਂ' ਸ਼ੁੱਕਰਵਾਰ ਨੂੰ ਜਾਰੀ ਹੋਈ ਹੈ। ਇਸ ਮੁਤਾਬਕ ਸਾਲ 2000 ਤੋਂ ਬਾਲ ਲੇਬਰ ਦੀ ਗਿਣਤੀ 9.4 ਕਰੋੜ ਤੱਕ ਘੱਟ ਹੋ ਗਈ। ਪਰ ਹੁਣ ਇਹ ਸਫ਼ਲਤਾ ਜ਼ੋਖ਼ਿਮ ਵਿੱਚ ਹੈ।
ਏਜੰਸੀਆਂ ਨੇ ਕਿਹਾ ਕਿ ਕੋਵਿਡ-19 ਸੰਕਟ ਦੇ ਕਾਰਨ ਲੱਖਾਂ ਬੱਚਿਆਂ ਨੂੰ ਬਾਲ ਮਜ਼ਦੂਰੀ ਵਿੱਚ ਧੱਕੇ ਜਾਣ ਦਾ ਸ਼ੱਕ ਹੈ। ਅਜਿਹਾ ਹੁੰਦਾ ਹੈ ਤਾਂ 20 ਸਾਲ ਵਿੱਚ ਇਹ ਪਹਿਲੀ ਵਾਰ ਹੈ ਜਦ ਬਾਲ ਮਜ਼ਦੂਰੀ ਦੀ ਗਿਣਤੀ ਵਿੱਚ ਇਜ਼ਾਫ਼ਾ ਹੋਵੇਗਾ।
ਵਿਸ਼ਵ ਬਾਲ ਮਜ਼ਦੂਰੀ ਵਿਰੋਧੀ ਦਿਵਸ ਮੌਕੇ 12 ਜੂਨ ਨੂੰ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੋ ਬੱਚੇ ਪਹਿਲਾਂ ਤੋਂ ਬਾਲ ਮਜ਼ਦੂਰ ਹਨ, ਉਨ੍ਹਾਂ ਨੂੰ ਹੋਰ ਲੰਬੇ ਸਮੇਂ ਤੱਕ ਜਾਂ ਹੋਰ ਜ਼ਿਆਦਾ ਖ਼ਰਾਬ ਹਾਲਾਤਾਂ ਵਿੱਚ ਕੰਮ ਕਰਨਾ ਪੈ ਸਕਦਾ ਹੈ। ਉਨ੍ਹਾਂ ਵਿੱਚੋਂ ਕਈ ਤਾਂ ਅਜਿਹੇ ਹਾਲਾਤਾਂ ਵਿੱਚ ਗੁਜ਼ਰ ਸਕਦੇ ਹਨ, ਜਿਸ ਨਾਲ ਉਨ੍ਹਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਵੱਡਾ ਖ਼ਤਰਾ ਹੋਵੇਗਾ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਦ ਪਰਿਵਾਰਾਂ ਨੂੰ ਹੋਰ ਜ਼ਿਆਦਾ ਵਿੱਤੀ ਸਹਾਇਤਾ ਦੀ ਲੋੜ ਹੁੰਦੀ ਹੈ ਤਾਂ ਉਹ ਬੱਚਿਆਂ ਦੀ ਮਦਦ ਲੈ ਸਕਦੇ ਹਨ।