ਚੀਨ ਦੀ ਬੀਆਰਐਫ ਬੈਠਕ ਖ਼ਤਮ: ਸੰਪ੍ਰਭੂਤਾ, ਖੇਤਰੀ ਅਖੰਡਤਾ ਦੇ ਸਨਮਾਨ ਦਾ ਵਾਅਦਾ - New Delhi
ਭਾਰਤ ਨੇ ਇਸ ਬੈਠਕ ਦਾ ਬਾਇਕਾਟ ਕੀਤਾ ਸੀ ਕਿਉਂਕਿ ਇਸ ਪਹਿਲ ਦੇ ਤਹਿਤ ਵਿਕਸਤ ਕੀਤੇ ਜਾਣ ਵਾਲੇ 60 ਅਰਬ ਡਾਲਰ ਦੇ ਚੀਨ-ਪਾਕਿਸਤਾਨ ਇਕਨਾਮਿਕ ਕਾਰੀਡੋਰ ਦੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚੋਂ ਲੰਘਣ 'ਤੇ ਇਤਰਾਜ਼ ਹੈ।
ਨਵੀਂ ਦਿੱਲੀ: ਚੀਨ ਵੱਲੋਂ ਵਿਸ਼ਵ ਪੱਧਰ 'ਤੇ ਬੁਨਿਆਦੀ ਢਾਂਚਾ ਵਿਕਸਿਤ ਕਰਨ ਲਈ ਸ਼ੁਰੂ ਕੀਤੀ ਗਈ ਬੈਲਟ ਐਂਡ ਰੋਡ ਫੋਰਮ ਦਾ ਦੂਜਾ ਮਹਾਂਸੰਮੇਲਨ ਖ਼ਤਮ ਹੋ ਗਿਆ। ਇਸ ਸੰਮੇਲਨ 'ਚ 64 ਅਰਬ ਡਾਲਰ ਤੋਂ ਵੱਧ ਦੇ ਮਦਦ ਸਮਝੌਤਿਆਂ 'ਤੇ ਹਸਤਾਖ਼ਰ ਕੀਤੇ ਗਏ, ਇਸਦੇ ਨਾਲ ਹੀ ਸੰਪ੍ਰਭੂਤਾ ਤੇ ਖੇਤਰੀ ਅਖੰਡਤਾ ਦੇ ਸਨਮਾਨ ਦਾ ਭਰੋਸਾ ਵੀ ਦਿੱਤਾ, ਜੋ ਭਾਰਤ ਲੰਬੇ ਸਮੇਂ ਤੋਂ ਮੰਗ ਰਿਹਾ ਹੈ।
ਭਾਰਤ ਨੇ ਇਸ ਬੈਠਕ ਦਾ ਬਾਇਕਾਟ ਕੀਤਾ ਸੀ ਕਿਉਂਕਿ ਇਸ ਪਹਿਲ ਦੇ ਤਹਿਤ ਵਿਕਸਤ ਕੀਤੇ ਜਾਣ ਵਾਲੇ 60 ਅਰਬ ਡਾਲਰ ਦੇ ਚੀਨ-ਪਾਕਿਸਤਾਨ ਇਕਨਾਮਿਕ ਕਾਰੀਡੋਰ ਦੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚੋਂ ਲੰਘਣ 'ਤੇ ਇਤਰਾਜ਼ ਹੈ।
ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਨੇ ਸੰਮੇਲਨ 'ਚ ਆਏ 37 ਮੁਲਕਾਂ ਦੇ ਮੁਖੀਆਂ ਨਾਲ ਗੋਲਮੇਜ਼ ਬੈਠਕ ਕਰਨ ਮਗਰੋਂ ਪੱਤਰਕਾਰਾਂ ਨੂੰ ਕਿਹਾ ਕਿ ਇਸ ਸੰਮੇਲਨ ਦੌਰਾਨ 283 ਪ੍ਰਸਤਾਵ ਸਾਹਮਣੇ ਆਏ ਹਨ।
ਇਸ ਫੋਰਮ 'ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ, ਨੇਪਾਲ ਦੇ ਰਾਸ਼ਟਰਪਤੀ, ਮਿਆਂਮਾਰ ਦੀ ਸਟੇਟ ਕਾਉਂਸਲਰ ਅਤੇ ਕਈਂ ਅਫਰੀਕੀ ਤੇ ਏਸ਼ੀਆਈ ਮੁਲਕਾਂ ਦੇ ਆਗੂ ਸ਼ਾਮਲ ਹੋਏ।