ਨਵੀਂ ਦਿੱਲੀ : ਮੋਦੀ ਸਰਕਾਰ ਦੀ ਮਹੱਤਵਪੂਰਨ ਯੋਜਨਾਵਾਂ ਵਿੱਚੋਂ ਇੱਕ ਹੈ ਪ੍ਰਧਾਨ ਮੰਤਰੀ ਉੱਜਵਲ ਯੋਜਨਾ। ਇਸ ਯੋਜਨਾ ਤਹਿਤ ਗ਼ਰੀਬ ਔਰਤਾਂ ਨੂੰ ਐੱਲਪੀਜੀ ਗੈਸ ਕੁਨੈਕਸ਼ਨ ਦਿੱਤਾ ਜਾਂਦਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਦੇਸ਼ ਦੇ 8 ਕਰੋੜ ਪਰਿਵਾਰਾਂ ਨੂੰ ਇਸ ਦਾ ਲਾਭ ਮਿਲ ਚੁੱਕਿਆ ਹੈ। ਹਾਲਾਂਕਿ ਹੁਣ ਨਿਯੰਤਰਕ ਅਤੇ ਆਡੀਟਰ ਜਨਰਲ ਨੇ ਇਸ ਯੋਜਨਾ ਨੂੰ ਲੈ ਕੇ ਸਵਾਲ ਖੜੇ ਕੀਤੇ ਹਨ।
ਕੈਗ ਦੀ ਰਿਪੋਰਟ ਮੁਤਾਬਕ ਉੱਜਵਲ ਯੋਜਨਾ ਦੀ ਵਿਆਪਕ ਦੁਰਵਰਤੋਂ ਹੋ ਰਹੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜ਼ਰੂਰਤਮੰਦਾਂ ਦੀ ਬਜਾਇ ਇਸ ਯੋਜਨਾ ਦਾ ਲਾਭ ਉਨ੍ਹਾਂ ਲੋਕਾਂ ਨੂੰ ਮਿਲ ਰਿਹਾ, ਜਿੰਨ੍ਹਾਂ ਜ਼ਰੂਰਤ ਨਹੀਂ ਹੈ।
ਸੀਏਜੀ ਰਿਪੋਰਟ ਵਿੱਚ ਪ੍ਰਧਾਨ ਮੰਤਰੀ ਉੱਜਵਲ ਯੋਜਨਾ ਤਹਿਤ ਵੱਡੀ ਗਿਣਤੀ ਵਿੱਚ ਘਰੇਲੂ ਸਿਲੰਡਰ ਦੇ ਕਮਰਿਸ਼ੀਅਲ ਵਰਤੋਂ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟ ਦੇ ਮੁਤਾਬਕ 1.98 ਲੱਖ ਉਪਭੋਗਤਾ ਸਾਲ ਵਿੱਚ 12 ਤੋਂ ਜ਼ਿਆਦਾ ਸਿਲੰਡਰ ਦੁਬਾਰਾ ਭਰਾ ਰਹੇ ਹਨ ਅਤੇ ਇਹ ਜਾਂਚ ਦਾ ਵਿਸ਼ਾ ਹੈ। ਕਿਉਂਕਿ ਜੋ ਲੋਕ ਦੁਬਾਰਾ ਭਰਾ ਰਹੇ ਹਨ ਉਹ ਗ਼ਰੀਬੀ ਰੇਖਾ ਤੋਂ ਹੇਠਾਂ ਵਾਲੇ ਹਨ।
ਰਿਪੋਰਟ ਵਿੱਚ ਖ਼ੁਲਾਸਾ ਕੀਤਾ ਗਿਆ ਹੈ ਕਿ 13.96 ਲੱਖ ਪੀਐੱਮ ਉੱਜਵਲ ਯੋਜਨਾ ਦੇ ਉਪਭੋਗਤਾ ਇੱਕ ਮਹੀਨੇ ਵਿੱਚ 3 ਤੋਂ 41 ਤੱਕ ਸਿਲੰਡਰ ਦੁਬਾਰਾ ਮਿਲ ਰਹੇ ਹਨ। ਉੱਥੇ ਇੰਡੇਨ ਅਤੇ ਐੱਚਪੀਸੀਐੱਲ ਦੇ ਅੰਕੜਿਆਂ ਤੋਂ ਸਾਹਮਣੇ ਆਇਆ ਹੈ ਕਿ 3.44 ਲੱਖ ਅਜਿਹੇ ਗਾਹਕਾਂ ਦਾ ਮਾਮਲਾ ਵੀ ਸਾਹਮਣੇ ਆਇਆ ਹੈ ਜਿਥੇ ਇੱਕ ਦਿਨ ਵਿੱਚ 2 ਤੋਂ 20 ਸਿਲੰਡਰ ਦੁਬਾਰਾ ਭਰੇ ਜਾਂਦੇ ਹਨ, ਜਦਕਿ ਇਸ ਦਾ ਕੁਨੈਕਸ਼ਨ ਇੱਕ ਸਿਲੰਡਰ ਵਾਲਾ ਹੈ।
ਕੈਗ ਦੀ ਰਿਪੋਰਟ ਮੁਤਾਬਕ ਸਾਫ਼ਟਵੇਅਰ ਵਿੱਚ ਗੜਬੜੀ ਕਾਰਨ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ 80 ਹਜ਼ਾਰ ਕੁਨੈਕਸ਼ਨ ਜਾਰੀ ਕਰਨ ਦੀ ਆਗਿਆ ਦਿੱਤੀ ਗਈ ਹੈ। ਇਸ ਤਰ੍ਹਾਂ 8.59 ਲੱਖ ਕੁਨੈਕਸ਼ਨ ਉਨ੍ਹਾਂ ਲਾਭਰਥੀਆ ਨੂੰ ਜਾਰੀ ਕੀਤੇ ਗਏ ਸਨ ਜੋ ਜਨ-ਗਣਨਾ 2011 ਦੇ ਅੰਕੜਿਆਂ ਮੁਤਾਬਕ ਨਾਬਾਲਗ ਸਨ।