ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਸਥਿਤ ਆਜ਼ਾਦਪੁਰ ਮੰਡੀ ਵਿੱਚ ਸੋਮਵਾਰ ਸਵੇਰ ਤੋਂ ਸਬਜ਼ੀਆਂ ਵਿਕਣਗੀਆਂ, ਜਦਕਿ ਫ਼ਲ ਸ਼ਾਮ ਨੂੰ ਮਿਲਣਗੇ। ਅਲੱਗ-ਅਲੱਗ ਸ਼ਿਫ਼ਟਾਂ ਵਿੱਚ ਸਬਜ਼ੀ ਤੇ ਫ਼ਲਾਂ ਦੀ ਵਿਕਰੀ ਦੀ ਵਿਵਸਥਾ ਕੀਤਾ ਜਾਣ ਦਾ ਮੁੱਖ ਮਕਸਦ ਮੰਡੀ ਵਿੱਚ ਸਮਾਜਿਕ ਦੂਰੀ ਰੱਖਣਾ ਹੈ।
ਮੰਡੀ ਵਿੱਚ ਇਹਤਿਆਤੀ ਕਦਮਾਂ ਦਾ ਪਾਲਣ ਕਰਨ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿੰਨ੍ਹਾਂ ਦਾ ਉਲੰਘਣ ਕਰਨ ਵਾਲਿਆਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਦਿੱਲੀ ਦੇ ਉਪ-ਰਾਜਪਾਲ ਅਨਿਲ ਬੈਜਲ ਸ਼ਨਿਚਰਵਾਰ ਨੂੰ ਆਜ਼ਾਦਪੁਰ ਮੰਡੀ ਦਾ ਨਿਰੀਖਣ ਕਰਨ ਲਈ ਪਹੁੰਚੇ ਸਨ, ਜਿਸ ਤੋਂ ਬਾਅਦ ਦਿਨ ਵਿੱਚ ਦੇਰ ਤੱਕ ਪੂਰਾ ਪ੍ਰਸ਼ਾਸਨਿਕ ਅਮਲਾ ਮੰਡੀ ਵਿੱਚ ਜਮ੍ਹਾ ਰਿਹਾ ਅਤੇ ਬੈਠਕਾਂ ਦਾ ਦੌਰ ਚੱਲਦਾ ਰਿਹਾ।
ਜ਼ਿਲ੍ਹਾ ਅਧਿਕਾਰੀ ਅਤੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਟ੍ਰਬਿਊਨਲ ਦੇ ਚੇਅਰਮੈਨ ਦੀਪਕ ਛਿੰਦੇ ਵੱਲੋਂ ਸ਼ਨਿਚਰਵਾਰ ਨੂੰ ਜਾਰੀ ਇੱਕ ਹੁਕਮ ਮੁਤਾਬਕ ਆਜ਼ਾਦਪੁਰ ਮੰਡੀ ਵਿੱਚ ਖ਼ਰੀਦਦਾਰਾਂ ਦੇ ਜਾਣ ਦੇ ਲਈ ਟੋਕਨ ਸਿਸਟਮ ਲਾਗੂ ਕੀਤਾ ਜਾਵੇਗਾ ਅਤੇ ਸਬਜ਼ੀਆਂ ਅਤੇ ਫ਼ਲਾਂ ਦੀ ਵਿਕਰੀ ਅਲੱਗ-ਅਲੱਗ ਸ਼ਿਫਟਾਂ ਵਿੱਚ ਹੋਵੇਗੀ।