ਤਿੰਨ ਤਲਾਕ 'ਤੇ ਮੁੜ ਤੋਂ ਲਿਆਂਦਾ ਜਾਵੇਗਾ ਬਿੱਲ: ਰਵੀ ਸ਼ੰਕਰ ਪ੍ਰਸਾਦ - manifesto
ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਸਰਕਾਰ ਇੱਕ ਵਾਰ ਫ਼ਿਰ ਤੋਂ ਤਿੰਨ ਤਲਾਕ 'ਤੇ ਬਿੱਲ ਲਿਆਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਤਿੰਨ ਤਲਾਕ ਭਾਜਪਾ ਦੇ ਮੈਨੀਫੈਸਟੋ ਦਾ ਮੁੱਖ ਹਿੱਸਾ ਹੈ।
ਨਵੀਂ ਦਿੱਲੀ: ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਸੋਮਵਾਰ ਨੂੰ ਕਿਹਾ ਕਿ ਸਰਕਾਰ ਤਿੰਨ ਤਲਾਕ ਦੀ ਪ੍ਰਥਾ 'ਤੇ ਪਾਬੰਦੀ ਲਗਾਉਣ ਲਈ ਸੰਸਦ 'ਚ ਮੁੜ ਤੋਂ ਬਿੱਲ ਲਿਆਏਗੀ। ਪਿਛਲੇ ਮਹੀਨੇ 16ਵੀਂ ਲੋਕ ਸਭਾ ਦੇ ਭੰਗ ਹੋਣ ਤੋਂ ਬਾਅਦ ਤੁਰੰਤ ਤਿੰਨ ਤਲਾਕ 'ਤੇ ਪਾਬੰਦੀ ਲਗਾਉਣ ਵਾਲੇ ਬਿੱਲ ਦੀ ਮਿਆਦ ਸਮਾਪਤ ਹੋ ਗਈ ਸੀ। ਕਿਉਂਕਿ ਇਹ ਸੰਸਦ 'ਚ ਪਾਸ ਨਹੀਂ ਹੋ ਪਾਇਆ ਸੀ ਅਤੇ ਰਾਜ ਸਭਾ ਵਿੱਚ ਹੀ ਲਟਕਦਾ ਰਹਿ ਗਿਆ ਸੀ।
ਕੇਂਦਰੀ ਕਾਨੂੰਨ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਰਵੀ ਸ਼ੰਕਰ ਪ੍ਰਸਾਦ ਤੋਂ ਜਦੋਂ ਤਿੰਨ ਤਲਾਕਦੇ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਫੌਰੀ ਤੌਰ 'ਤੇ ਤਿੰਨ ਤਲਾਕ 'ਤੇ ਬਿੱਲ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਫੌਰੀ ਤਿੰਨ ਤਲਾਕ ਦਾ ਮੁੱਦਾ ਭਾਜਪਾ ਦੇ ਚੋਣ ਮੈਨੀਫੋਸਟੋ ਦਾ ਹਿੱਸਾ ਹੈ। ਸਿਵਲ ਕੋਡ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਇਸ ਮੁੱਦੇ 'ਤੇ ਸਿਆਸੀ ਚਰਚਾ ਕਰੇਗੀ। ਉਹ ਇਸ ਮੁੱਦੇ 'ਤੇ ਕਾਨੂੰਨ ਕਮਿਸ਼ਨ ਦੀ ਰਿਪੋਰਟ 'ਤੇ ਵੀ ਵਿਚਾਰ ਕਰੇਗੀ।