ਪਠਾਨਕੋਟ: ਜ਼ਿਲ੍ਹਾਂ ਪਠਾਨਕੋਟ ਦੇ ਅੱਧ ਪਹਾੜੀ ਖੇਤਰ ਵਿਚ ਪੈਂਦੇ ਰਣਜੀਤ ਸਾਗਰ ਡੈਮ ਦੀ ਝੀਲ ਕਈ ਕਿਲੋਮੀਟਰ ਤੱਕ ਫ਼ੈਲੀ ਹੋਈ ਹੈ। ਇਸ ਝੀਲ ਦੇ ਉਸ ਪਾਰ ਜ਼ਿਲ੍ਹਾਂ ਪਠਾਨਕੋਟ ਦੇ ਕਈ ਪਿੰਡ ਪੈਂਦੇ ਹਨ। ਇਥੋਂ ਲੋਕਾਂ ਨੂੰ ਪਠਾਨਕੋਟ ਆਉਣ ਲਈ ਦੁਨੇਰਾ ਰਾਹੀਂ 30 ਤੋਂ 35 ਕਿਲੋਮੀਟਰ ਸਫ਼ਰ ਕਰ ਕੇ ਆਉਣਾ ਪੈਂਦਾ ਹੈ ਪਰ ਲੋਕ ਇਹ ਦੂਰੀ ਘਟਾਉਣ ਲਈ ਝੀਲ ਨੂੰ ਨਾਜਾਇਜ਼ ਚੱਲਣ ਵਾਲੀ ਕਿਸ਼ਤੀ ਰਾਹੀਂ ਪਾਰ ਕਰ ਕੇ ਆਉਣ ਲਈ ਮਜ਼ਬੂਰ ਹਨ।
ਰੋਜ਼ਾਨਾ ਜਾਨ ਖ਼ਤਰੇ 'ਚ ਪਾ ਕੇ ਆਪਣਾ ਭਵਿੱਖ ਸੁਆਰ ਰਹੇ ਇਹ ਬੱਚੇ - ਪਠਾਨਕੋਟ
ਪਠਾਨਕੋਟ ਜ਼ਿਲ੍ਹੇ ਦੇ ਅੱਧ ਪਹਾੜੀ ਇਲਾਕੇ 'ਚ ਜਾਨ ਖਤਰੇ ਵਿੱਚ ਪਾ ਕੇ ਕਿਸ਼ਤੀ ਰਾਹੀਂ ਸਫ਼ਰ ਕਰਦੇ ਹਨ ਲੋਕ। ਨਾਜਾਇਜ਼ ਚੱਲ ਰਹੀ ਕਿਸ਼ਤੀ ਦੇ ਸਫ਼ਰ ਦੌਰਾਨ ਹੋ ਸਕਦਾ ਵੱਡਾ ਹਾਦਸਾ, ਰੋਕਣ ਵਾਲਾ ਕੋਈ ਨਹੀਂ। ਪਹਿਲਾਂ ਵੀ ਹੋ ਚੁੱਕਾ ਹੈ ਹਾਦਸਾ।
ਨਾਜਾਇਜ਼ ਚੱਲਣ ਵਾਲੀ ਇਸ ਕਿਸ਼ਤੀ ਨੂੰ ਰੋਕਣ ਵਾਲਾ ਵੀ ਕੋਈ ਨਹੀਂ ਹੈ। ਆਪਣੀ ਜਾਨ ਖਤਰੇ 'ਚ ਪਾ ਕੇ ਕਿਸ਼ਤੀ ਰਾਹੀਂ ਸਫ਼ਰ ਕਰ ਰਹੇ ਇਨ੍ਹਾਂ ਲੋਕਾਂ ਨਾਲ ਜਦੋਂ ਈਟੀਵੀ ਭਾਰਤ ਦੇ ਪੱਤਰਕਾਰ ਨੇ ਗੱਲ ਕੀਤੀ ਤਾਂ ਵਿਦਿਆਰਥੀਆਂ ਨੇ ਮੰਨਿਆ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਤਾਂ ਹੁੰਦਾ ਹੈ। ਝੀਲ ਦੇ ਉਸ ਪਾਰ ਪਿੰਡਾਂ ਚੋਂ ਇਸ ਪਾਰ ਆ ਕੇ ਪੜ੍ਹਣ ਵਾਲੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਦੂਜਾ ਰਸਤਾ ਲੰਮਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਉਹ ਝੀਲ ਰਾਹੀਂ ਨਾ ਆਉਣ ਤਾਂ ਉਹ ਕਾਲਜ ਜਾਣ ਤੋਂ ਲੇਟ ਹੋ ਜਾਂਦੇ ਹਨ।
ਦੱਸ ਦਈਏ ਕਿ ਝੀਲ ਵਿੱਚ ਕੁੱਝ ਸਾਲ ਪਹਿਲਾ ਕਿਸ਼ਤੀ ਪਲਟ ਗਈ ਸੀ ਜਿਸ ਨਾਲ ਕਈ ਲੋਕਾਂ ਦਾ ਨੁਕਸਾਨ ਹੋਇਆ ਸੀ ਪਰ ਇਹ ਸਭ ਜਾਣਦੇ ਹੋਏ ਵੀ ਉੱਥੋ ਦੇ ਲੋਕ ਕਿਸ਼ਤੀ ਰਾਹੀਂ ਆਉਣ ਲਈ ਮਜ਼ਬੂਰ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਸ ਨਾਜਾਇਜ਼ ਢੰਗ ਨਾਲ ਚੱਲ ਰਹੀ ਕਿਸ਼ਤੀ 'ਤੇ ਕਦੋਂ ਨੱਥ ਪਾਉਂਦਾ ਹੈ।