ਚੰਡੀਗੜ੍ਹ: ਕੋਟਕਪੁਕਾ ਗੋਲੀਕਾਂਡ ਮਾਮਲੇ ਵਿੱਚ ਘਿਰੇ ਆਈਜੀ ਪਰਮਰਾਜ ਉਮਰਾਨੰਗਲ ਦੀਆਂ ਮੁਸ਼ਕਲਾਂ 25 ਸਾਲ ਪੁਰਾਣੇ ਇੱਕ ਕਥਿਤ ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ ਵਿੱਚ ਵੱਧ ਸਕਦੀਆਂ ਹਨ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਦੀ ਜਾਂਚ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 3 ਮੈਂਬਰੀ ਐਸਆਈਟੀ ਦਾ ਗਠਨ ਕੀਤਾ ਹੈ ਜਿਸ ਦੀ ਅਗਵਾਈ ਡੀਜੀਪੀ ਸਿਧਾਰਥ ਚਟੋਪਧਿਆਏ ਕਰਨਗੇ। ਏਡੀਜੀਪੀ ਗੁਰਪ੍ਰੀਤ ਦਿਓ ਤੇ ਆਈਜੀ ਚੰਦਰ ਸ਼ੇਖਰ ਵੀ ਇਸ ਐਸਆਈਟੀ ਵਿੱਚ ਸ਼ਾਮਲ ਹਨ।
ਮਾਮਲਾ ਸਾਲ 1994 ਵਿੱਚ ਸੁਖਪਾਲ ਸਿੰਘ ਦੇ ਐਨਕਾਂਊਟਰ ਦਾ ਹੈ ਜਦੋਂ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਰੋਪੜ ਵਿਖੇ ਡੀਐਸਪੀ ਵਜੋਂ ਤਾਇਨਾਤ ਸਨ। ਉਨ੍ਹਾਂ ਨੇ ਉਸ ਵੇਲੇ ਗੁਰਨਾਮ ਸਿੰਘ ਬੰਡਾਲਾ ਨਾਂਅ ਦੇ ਨੌਜਵਾਨ ਨੂੰ ਪੁਲਿਸ ਮੁਕਾਬਲੇ ‘ਚ ਮਾਰ ਦੇਣ ਦਾ ਦਾਅਵਾ ਕੀਤਾ ਸੀ, ਜਿਸ ਦੇ ਸਿਰ ‘ਤੇ ਹਜ਼ਾਰਾਂ ਰੁਪਏ ਦਾ ਇਨਾਮ ਸੀ ਪਰ ਕੁਝ ਚਿਰ ਬਾਅਦ ਜਿਸ ਗੁਰਨਾਮ ਸਿੰਘ ਬੰਡਾਲਾ ਨੂੰ ਮਾਰ ਗਿਰਾਉਣ ਦਾ ਉਮਰਾਨੰਗਲ ਨੇ ਦਾਅਵਾ ਕੀਤਾ ਸੀ, ਉਹ ਖ਼ੁਦ ਸਾਹਮਣੇ ਆ ਗਿਆ ਤੇ ਉਸ ਨੇ ਉਮਰਾਨੰਗਲ ਵੱਲੋਂ ਕੀਤੇ ਪੁਲਿਸ ਮੁਕਾਬਲੇ ਦੇ ਦਾਅਵਿਆਂ ਦੀ ਪੋਲ ਖੋਲ ਦਿੱਤੀ।
ਇਸ ਦੌਰਾਨ ਇੱਕ ਵਿਅਕਤੀ ਸੁਖਪਾਲ ਸਿੰਘ ਦੀ ਪਤਨੀ ਦਲਬੀਰ ਕੌਰ ਨੇ ਹਾਈ ਕੋਰਟ ‘ਚ ਅਰਜ਼ੀ ਪਾ ਕੇ ਦੋਸ਼ ਲਗਾਏ ਸਨ ਕਿ ਜਿਸ ਵੇਲੇ ਉਮਰਾਨੰਗਲ ਰੋਪੜ ਦੇ ਡੀਐਸਪੀ ਵਜੋਂ ਤਾਇਨਾਤ ਸਨ ਤਾਂ ਉਨ੍ਹਾਂ ਨੇ ਗੁਰਨਾਮ ਸਿੰਘ ਬੰਡਾਲਾ ਨੂੰ ਨਹੀਂ, ਉਸ ਦੇ ਪਤੀ ਸੁਖਪਾਲ ਸਿੰਘ ਨੂੰ ਬੰਡਾਲਾ ਨੂੰ ਮਾਰ ਦਿੱਤਾ ਸੀ।
2013 ਵਿੱਚ ਮਾਮਲਾ ਹਾਈ ਕੋਰਟ ਦੇ ਅਧੀਨ ਪਹੁੰਚਿਆ ਤੇ ਸੀਬੀਆਈ ਜਾਂ ਇੱਕ ਵੱਖਰੇ ਤੌਰ 'ਤੇ ਏਜੰਸੀ ਵੱਲੋਂ ਤਫ਼ਤੀਸ਼ ਦੀ ਮੰਗ ਕੀਤੀ ਗਈ। ਹੁਣ ਇਸ ਮਾਮਲੇ ਦੀ ਜਾਂਚ ਲਈ ਕੋਰਟ ਵੱਲੋਂ ਐਸਆਈਟੀ ਗਠਿਤ ਕਰ ਦਿੱਤੀ ਗਈ ਹੈ।