ਮੁੰਬਈ: ਕਾਂਗਰਸ ਪਾਰਟੀ ਨੂੰ ਹੁਣ ਇੱਕ ਤੋਂ ਬਾਅਦ ਇੱਕ ਝਟਕੇ ਲੱਗ ਰਹੇ ਹਨ। ਪਹਿਲਾਂ ਰਾਹੁਲ ਗਾਂਧੀ ਨੇ ਪਾਰਟੀ ਦੇ ਕੌਮੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਤੇ ਹੁਣ ਮੁੰਬਈ ਕਾਂਗਰਸ ਦੇ ਪ੍ਰਧਾਨ ਮਿਲਿੰਦ ਦੇਵੜਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅੰਬਾਨੀ ਪਰਿਵਾਰ ਦੇ ਕਰੀਬੀ ਮੰਨੇ ਜਾਂਦੇ ਮਿਲਿੰਦ ਨੇ ਆਪਣੇ ਅਸਤੀਫ਼ੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿਛਲੇ ਹਫ਼ਤੇ ਹੀ ਰਾਹੁਲ ਗਾਂਧੀ ਨੂੰ ਮਿਲੇ ਸੀ। ਜਿਸ ਦੌਰਾਨ ਉਨ੍ਹਾਂ ਆਪਣੇ ਅਸਤੀਫ਼ੇ ਸਬੰਧੀ ਗੱਲਬਾਤ ਕੀਤੀ ਸੀ।
ਮਾਣਹਾਨੀ ਮਾਮਲੇ 'ਚ ਰਾਹੁਲ ਗਾਂਧੀ ਨੂੰ ਮਿਲੀ ਜ਼ਮਾਨਤ, ਪਹੁੰਚੇ ਡੋਸਾ ਖਾਣ
ਮਿਲਿੰਦ ਮੁਤਾਬਕ ਉਨ੍ਹਾਂ ਰਾਹੁਲ ਗਾਂਧੀ ਨੂੰ ਮਿਲਣ ਤੋਂ ਬਾਅਦ ਹੀ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ। ਇਸ ਦੇ ਨਾਲ ਹੀ ਮਿਲਿੰਦ ਨੇ ਲੋਕ ਸਭਾ ਚੋਣਾਂ 'ਚ ਹਾਰ ਦੀ ਨੈਤਿਕ ਜ਼ਿੰਮੇਵਾਰੀ ਵੀ ਆਪਣੇ 'ਤੇ ਲਈ ਹੈ। ਉਨ੍ਹਾਂ ਆਪਣਾ ਅਸਤੀਫ਼ਾ ਕਾਂਗਰਸ ਹਾਈ ਕਮਾਨ ਨੂੰ ਭੇਜ ਦਿੱਤਾ ਹੈ।
ਦੱਸਣਯੋਗ ਹੈ ਕਿ ਮਿਲਿੰਦ ਨੇ ਦੱਖਣੀ ਮੁੰਬਈ ਤੋਂ ਚੋਣ ਲੜੀ ਸੀ ਪਰ ਉਹ ਚੋਣ ਹਾਰ ਗਏ ਸੀ ਜਿਸ ਦੇ ਬਾਅਦ ਉਨ੍ਹਾਂ 'ਤੇ ਅਸਤੀਫ਼ੇ ਨੂੰ ਲੈ ਕੇ ਦਬਾਅ ਵੱਧ ਰਿਹਾ ਸੀ। ਮਿਲਿੰਦ ਨੇ ਪਾਰਟੀ ਤੋਂ ਹੱਟ ਕੇ ਮੋਦੀ ਸਰਕਾਰ ਦੀ 'ਵਨ ਨੇਸ਼ਨ-ਵਨ ਇਲੈਕਸ਼ਨ' ਪਹਿਲ ਦਾ ਸਮਰਥਨ ਕੀਤਾ ਸੀ, ਜਿਸ ਦੇ ਬਾਅਦ ਉਹ ਹਾਈ ਕਮਾਨ ਦੇ ਨਿਸ਼ਾਨੇ 'ਤੇ ਆ ਗਏ ਸਨ।