ਨਵੀਂ ਦਿੱਲੀ: ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਮੂ-ਕਸ਼ਮੀਰ ਕੰਟਰੋਲ ਰੇਖਾ ਰਾਹੀਂ ਹੋਣ ਵਾਲਾ ਵਪਾਰ ਭਾਰਤ ਸਰਕਾਰ ਨੇ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਭਾਰਤ ਨੇ ਵਪਾਰਕ ਲਾਂਘੇ ਦੀ ਦੁਰਵਰਤੋਂ ਹੋਣ ਦੇ ਖ਼ਦਸ਼ੇ ਦੀ ਸਾਵਧਾਨੀ ਵਜੋਂ ਇਹ ਫ਼ੈਸਲਾ ਲਿਆ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਇਸ ਬਾਬਤ ਜਾਣਕਾਰੀ ਦਿੰਦਿਆਂ ਕਿਹਾ, ਇਹ ਕਾਰਵਾਈ ਇਸ ਲਈ ਕੀਤੀ ਗਈ ਹੈ ਕਿਉਂਕਿ ਸਰਕਾਰ ਨੂੰ ਲਗਾਤਾਰ ਅਜਿਹੀਆਂ ਰਿਪੋਟਾਂ ਮਿਲ ਰਹੀਆਂ ਹਨ ਕਿ ਇਸ ਵਪਾਰਕ ਲਾਂਘੇ ਰਾਹੀਂ ਪਾਕਿਸਤਾਨ ਤੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਹਥਿਆਰ, ਨਸ਼ੀਲੇ ਪਦਾਰਥ ਅਤੇ ਜਾਅਲੀ ਕਰੰਸੀ ਦਾ ਤਸਕਰੀ ਹੁੰਦੀ ਹੈ।
ਮੰਤਰਾਲੇ ਨੇ ਦੱਸਿਆ ਕਿ ਕੌਮੀ ਜਾਂਚ ਏਜੰਸੀ ਦੀ ਜਾਂਚ (NIA) ਦੌਰਾਨ ਇਹ ਸਾਹਮਣੇ ਆਇਆ ਹੈ ਕਿ LOC ਰਾਹੀਂ ਜੋ ਕਾਰੋਬਾਰ ਹੁੰਦਾ ਹੈ ਉਸ ਵਿੱਚ ਕਈ ਅਜਿਹੇ ਸ਼ਰਾਰਤੀ ਅਨਸਰ ਮੌਜੂਦ ਹਨ ਜੋ ਦਹਿਸ਼ਤਦਰਦੀ ਅਤੇ ਵੱਖਵਾਦ ਨੂੰ ਵਧਾਵਾ ਦਿੰਦੇ ਹਨ ਜਿਸ ਦੇ ਮੱਦੇਨਜ਼ਰ ਸਰਕਾਰ ਨੇ ਇਹ 19 ਅਪ੍ਰੈਲ ਤੋਂ ਅਗਲੇ ਹੁਕਮਾਂ ਤੱਕ ਇਹ ਵਪਾਰ ਬੰਦ ਕਰਨ ਦਾ ਫ਼ੈਸਲਾ ਲਿਆ ਹੈ।
ਸਰਕਾਰ ਦੇ ਇਸ ਐਲਾਨ ਤੋਂ ਬਾਅਦ ਘਾਟੀ ਦੇ ਰਾਜਨੀਤਿਕ ਦਲਾਂ ਨੇ ਇਸ ਨੂੰ ਸਿਆਸੀ ਫ਼ੈਸਲਾ ਦੱਸਿਆ। ਘਾਟੀ ਦੇ ਸਾਬਕਾ ਮੁੱਖ ਮੰਤਰੀ ਓਮਰ ਅਬਦੁੱਲਾ ਨੇ ਕਿਹਾ ਕਿ ਇਹ ਵਪਾਰ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਦੇ ਵਕਤ ਸ਼ੁਰੂ ਹੋਇਆ ਸੀ ਪਰ ਵਾਜਪਾਈ ਨੂੰ ਆਪਣਾ ਗੁਰੂ ਮੰਨਣ ਵਾਲੇ ਨਰਿੰਦਰ ਮੋਦੀ ਨੇ ਇਸ ਨੂੰ ਬੰਦ ਕਰ ਦਿੱਤਾ ਹੈ।
ਕਾਂਗਰਸ ਦੇ ਰਾਜਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਇਹ ਸਿਆਸੀ ਸਟੰਟ, ਭਾਰਤੀ ਜਨਤਾ ਪਾਰਟੀ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਰਹੀ ਹੈ ਇਸ ਲਈ ਉਹ ਅਜਿਹੇ ਹੱਥਕੰਡੇ ਅਪਣਾ ਰਹੀ ਹੈ।