ਬੈਂਗਲੁਰੂ: ਜ਼ੋਮੇਟੋ ਡਿਲਵਰੀ ਬੁਆਏ ’ਤੇ ਮੁੱਕਾ ਮਾਰਨ ਦਾ ਕਥਿਤ ਆਰੋਪ ਲਾਉਣ ਵਾਲੀ ਹਿਤੇਸ਼ਾ ਚੰਦ੍ਰਾਨੀ ਨੇ ਆਪਣੇ ਇੰਸਟਾਗ੍ਰਾਮ ਪੇਜ ’ਤੇ ਇੱਕ ਬਿਆਨ ਜਾਰੀ ਕਰਦਿਆਂ ਆਪਣੀ ਸੁਰੱਖਿਆ ਪ੍ਰਤੀ ਚਿੰਤਾ ਜਤਾਈ ਹੈ। ਇਸ ਮਾਮਲੇ ਤੋਂ ਬਾਅਦ ’ਚ ਹਿਤੇਸ਼ਾ ’ਤੇ ਵੀ ਕਥਿਤ ਰੂਪ ਨਾਲ ਜ਼ੋਮੇਟੋ ਡਿਲਵਰੀ ਬੁਆਏ ਨੂੰ ਫਸਾਉਣ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ। ਹਿਤੇਸ਼ ਚੰਦਰਾਨੀ ਨੇ ਪੋਸਟ ਕੀਤਾ ਕਿ, ਜਦੋਂ ਤੋਂ ਇਹ ਘਟਨਾ ਵਾਪਰੀ ਹੈ, ਮੈਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਦੁਰਵਿਵਹਾਰ ਕੀਤਾ ਜਾ ਰਿਹਾ ਹੈ। ਮੇਰੀ ਜਾਨ ਨੂੰ ਖ਼ਤਰਾ ਹੈ, ਮੈਂ ਹੁਣ ਚੁੱਪੀ ਸਾਧ ਲਈ ਹੈ ਕਿਉਂਕਿ ਮੈਂ ਜੋ ਵੀ ਕਹਿੰਦੀ ਹਾਂ ਉਸਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ।
ਮੈਨੂੰ ਸਮਰਥਨ ਦੇਣ ਲਈ ਮੇਰੇ ਕੋਲ ਕੋਈ ਪੀਆਰ ਏਜੰਸੀ ਨਹੀਂ ਹੈ। ਮੈਂ ਆਪਣੇ ਨੱਕ ਦੀ ਹੱਡੀ ਦਾ ਇਲਾਜ ਕਰਵਾਉਣਾ ਹੈ, ਜੋ ਇਸ ਘਟਨਾ ’ਚ ਟੁੱਟ ਗਈ ਹੈ। ਮੈਨੂੰ ਮੇਰੇ ਖ਼ਿਲਾਫ਼ ਪ੍ਰਤੀਕਾਰਨ ਅਤੇ ਧਮਕੀ ਭਰੇ ਸ਼ਬਦਾਂ ਦਾ ਇਸਤੇਮਾਲ ਕਰਦੇ ਹੋਏ ਕਈ ਲੋਕਾਂ ਦੇ ਫ਼ੋਨ ਆਏ ਹਨ। ਉਨ੍ਹਾਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਵੀ ਦਿੱਤੀ ਹੈ। ਮੈਨੂੰ ਸਾਰੇ ਸ਼ੋਸ਼ਲ ਪਲੇਟਫ਼ਾਰਮਾਂ - ਈ-ਮੇਲ, ਵਟਸਅੱਪ, ਯੂ-ਟਿਊਬ, ਇੰਸਟਾਗ੍ਰਾਮ ਤੋਂ ਇਲਾਵਾ ਫ਼ੋਨ ਕਾਲ ਅਤੇ ਮੈਸੇਜ ਰਾਹੀਂ ਹਿੰਸਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।
ਹਿਤੇਸ਼ਾ ਨੇ ਕਿਹਾ ਕਿ ਇਹ ਕਿਹਾ ਜਾ ਰਿਹਾ ਹੈ ਕਿ ਮੈਂ ਮੁਫ਼ਤ ’ਚ ਭੋਜਨ ਮੰਗਿਆ, ਪਰ ਇਹ ਜ਼ੋਮੇਟੋ ਵੱਲੋਂ ਹੀ ਆਫ਼ਰ ਕੀਤਾ ਜਾਂਦਾ ਹੈ ਕਿ ਜੇਕਰ ਖਾਣਾ ਦੇਰ ਨਾਲ ਪਹੁੰਚਾਇਆ ਗਿਆ ਹੋਵੇ ਤਾਂ ਕੀਮਤ ਅਦਾ ਨਹੀਂ ਕਰਨੀ ਪਵੇਗੀ। ਉਹ ਲੋਕ ਜੋ ਇਸ ਘਟਨਾ ਨਾਲ ਜੁੜੇ ਵੀ ਨਹੀਂ ਹਨ, ਉਹ ਇਸ ਮੁੱਦੇ ’ਤੇ ਟਿੱਪਣੀ ਕਰ ਰਹੇ ਹਨ, ਬਿਨ੍ਹਾਂ ਇਸਦੀ ਪਰਵਾਹ ਕੀਤੇ ਕਿ ਉਨ੍ਹਾ ਦੇ ਸ਼ਬਦਾਂ ਦਾ ਕੀ ਅਸਰ ਹੁੰਦਾ ਹੈ।
ਕੁੱਝ ਮਸ਼ਹੂਰ ਹਸਤੀਆਂ ਨੇ ਟਵੀਟ ਕਰ ਮੈਨੂੰ ਘਟਨਾ ਲਈ ਜ਼ਿੰਮੇਵਾਰ ਦੱਸਿਆ, ਜਿਸ ਨਾਲ ਮੈਨੂੰ ਬਹੁਤ ਦੁੱਖ ਹੋਇਆ। ਕਿਉਂਕਿ ਜਿਨ੍ਹਾਂ ਨੂੰ ਮੈਂ ਦੇਖਦੀ ਹਾਂ, ਅਜਿਹੇ ਲੋਕਾਂ ਦੀਆਂ ਟਿੱਪਣੀਆਂ ਦਾ ਪ੍ਰਭਾਵ ਪੈਂਦਾ ਹੈ।