ਵਿਜੇਵਾੜਾ:ਕਾਂਗਰਸ ਪਾਰਟੀ ਦੇ ਨੇਤਾ ਕੇਵੀਪੀ ਰਾਮਚੰਦਰ ਰਾਓ ਨੇ ਦਾਅਵਾ ਕੀਤਾ ਹੈ ਕਿ ਵਾਈਐਸਆਰ ਤੇਲੰਗਾਨਾ ਪਾਰਟੀ ਦੇ ਆਗੂ ਵਾਈ.ਐਸ. ਸ਼ਰਮੀਲਾ ਜਲਦ ਹੀ ਕਾਂਗਰਸ ਪਾਰਟੀ 'ਚ ਸ਼ਾਮਲ ਹੋਵੇਗੀ। ਸਾਬਕਾ ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਸ਼ਰਮੀਲਾ ਜਲਦ ਹੀ ਕਾਂਗਰਸ 'ਚ ਸ਼ਾਮਲ ਹੋ ਸਕਦੀ ਹੈ। ਕੇਵੀਪੀ ਰਾਮਚੰਦਰ ਰਾਓ ਨੇ ਕਿਹਾ ਕਿ ਕੱਟੜ ਕਾਂਗਰਸੀ ਵਾਈ.ਐਸ. ਰਾਜਸ਼ੇਖਰ ਰੈਡੀ ਦੀ ਬੇਟੀ ਹੋਣ ਦੇ ਨਾਤੇ ਸ਼ਰਮੀਲਾ ਨੂੰ ਪਾਰਟੀ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।
ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ :ਰਾਓ 2004 ਤੋਂ 2009 ਦਰਮਿਆਨ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਰਾਜਸ਼ੇਖਰ ਰੈੱਡੀ ਦਾ ਕਰੀਬੀ ਦੋਸਤ ਸੀ। ਸਾਬਕਾ ਰਾਜ ਸਭਾ ਮੈਂਬਰ ਨੇ ਤੇਲੰਗਾਨਾ ਦੇ ਖੰਮਮ ਤੋਂ ਪਰਤਣ ਤੋਂ ਬਾਅਦ ਐਤਵਾਰ ਰਾਤ ਨੂੰ ਗੰਨਾਵਰਮ ਹਵਾਈ ਅੱਡੇ 'ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਰਾਹੁਲ ਗਾਂਧੀ ਨੇ ਐਤਵਾਰ ਸ਼ਾਮ ਨੂੰ ਇੱਕ ਵਿਸ਼ਾਲ ਜਨਸਭਾ ਨੂੰ ਸੰਬੋਧਿਤ ਕੀਤਾ। ਰਾਹੁਲ ਨਾਲ ਮੁਲਾਕਾਤ ਤੋਂ ਪਹਿਲਾਂ ਰਾਓ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਆਂਧਰਾ ਪ੍ਰਦੇਸ਼ ਦੀ ਜ਼ਮੀਨੀ ਸਥਿਤੀ 'ਤੇ ਉਨ੍ਹਾਂ ਨਾਲ ਕੰਮ ਕਰਨਗੇ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ 2024 ਵਿੱਚ ਕਾਂਗਰਸ ਸੂਬੇ ਵਿੱਚ ਸੱਤਾ ਵਿੱਚ ਆਵੇਗੀ।