ਦਿੱਲੀ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਸੂਬੇ ਦਾ ਸਿਆਸੀ ਮਾਹੌਲ ਗਰਮਾ ਗਿਆ ਹੈ। ਚੋਣਾਂ ਨੂੰ ਲੈਕੇ ਭਾਜਪਾ ਪੰਜਾਬ ਵਿੱਚ ਆਪਣੀਆਂ ਸਰਗਰਮੀਆਂ ਤੇਜ਼ ਕਰ ਰਹੀ ਹੈ। ਲਗਾਤਾਰ ਇੱਕ ਤੋਂ ਬਾਅਦ ਇੱਕ ਲੀਡਰ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ। ਹੁਣ ਵੱਡੀ ਗਿਣਤੀ ਪੰਜਾਬ ਦੇ ਵੱਡੇ ਲੀਡਰ ਭਾਜਪਾ ਵਿੱਚ ਸ਼ਾਮਿਲ ਹੋਏ ਹਨ।
ਸਾਬਕਾ ਵਿਧਾਇਕ ਅਰਵਿੰਦ ਖੰਨਾ, ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਅਤੇ ਅੰਮ੍ਰਿਤਸਰ ਦੇ ਸਾਬਕਾ ਕੌਂਸਲਰ ਧਰਮਵੀਰ ਸਰੀਨ ਸਮੇਤ ਪੰਜਾਬ ਦੇ ਕਈ ਆਗੂ ਕੇਂਦਰੀ ਮੰਤਰੀਆਂ ਹਰਦੀਪ ਪੁਰੀ ਅਤੇ ਗਜੇਂਦਰ ਸਿੰਘ ਸ਼ੇਖਾਵਤ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ।
ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਗੋਸ਼ਾ ਵੱਲੋਂ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫਾ
ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਅਕਾਲੀ ਦਲ ਦੇ ਸਮੁੱਚੇ ਅਹੁਦਿਆਂ ਤੋਂ ਗੁਰਦੀਪ ਸਿੰਘ ਗੋਸ਼ਾ ਵੱਲੋਂ ਅਸਤੀਫਾ ਦਿੱਤਾ ਗਿਆ ਸੀ। ਉਨ੍ਹਾਂ ਆਪਣੇ ਅਸਤੀਫੇ ਦਾ ਐਲਾਨ ਕਰਦਿਆਂ ਕਿਹਾ ਕਿ ਮੈ ਸ਼੍ਰੋਮਣੀ ਅਕਾਲੀ ਦਲ ਅਤੇ ਸਮਾਜ ਦੀ ਸੇਵਾ ਤਨ, ਮਨ, ਧਨ ਤੇ ਆਪਣੇ ਖੂਨ ਪਸੀਨੇ ਨਾਲ ਕਰਦਾ ਰਿਹਾ ਹਾਂ। ਉਨ੍ਹਾਂ ਅੱਗੇ ਕਿਹਾ ਕਿ ਕੁੱਝ ਕਾਰਨਾਂ ਕਰਕੇ ਅੱਜ ਮੈਂ ਅਸਤੀਫਾ ਦੇ ਰਿਹਾ ਹਾਂ ਅਤੇ ਉਸ ਦਾ ਆਉਣ ਵਾਲੇ ਵਕਤ ਵਿੱਚ ਖੁਲਾਸੇ ਕਰਾਂਗਾ। ਗੋਸ਼ਾ ਨੇ ਕਿਹਾ ਕਿ ਮੈਂ ਸਮਾਜ ਪ੍ਰਤੀ ਅਪਣੀ ਸੇਵਾ ਜਾਰੀ ਰੱਖਾਂਗਾ।