ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਯੋਗੀ ਅਦਿੱਤਿਆਨਾਥ ਵੱਲੋਂ ਪੰਜਾਬ ਵਿੱਚ ਮਲੇਰਕੋਟਲਾ ਨੂੰ 23ਵਾਂ ਜ਼ਿਲਾ ਐਲਾਨਣ ਉਤੇ ਕੀਤੇ ਭੜਕਾਊ ਟਵੀਟ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਨੂੰ ਭਾਜਪਾ ਦੀ ਵੰਡ-ਪਾਊ ਨੀਤੀ ਦੇ ਹਿੱਸੇ ਵਜੋਂ ਸ਼ਾਂਤਮਈ ਸੂਬੇ ਵਿੱਚ ਫਿਰਕੂ ਬਿਖੇੜਾ ਖੜ੍ਹਾ ਕਰਨ ਦੀ ਸ਼ਰਮਨਾਕ ਕੋਸ਼ਿਸ਼ ਕਰਾਰ ਦਿੱਤਾ।
ਉਤਰ ਪ੍ਰਦੇਸ਼ ਵਿੱਚ ਯੋਗੀ ਅਦਿੱਤਿਆਨਾਥ ਦੀ ਸਰਕਾਰ ਵੱਲੋਂ ਉਤਸ਼ਾਹਤ ਕੀਤੀਆਂ ਜਾ ਰਹੀਆਂ ਵੰਡ-ਪਾਊ ਨੀਤੀਆਂ ਦੇ ਮੁਕਾਬਲੇ ਪੰਜਾਬ ਵਿੱਚ ਫਿਰਕੂ ਸਦਭਾਵਨਾ ਦੀ ਗੱਲ ਆਖਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਯੋਗੀ ਅਦਿਤਿਆਨਾਥ ਨੂੰ ਪੰਜਾਬ ਦੇ ਮਾਮਲਿਆਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਤਰ ਪ੍ਰਦੇਸ਼ ਦੀ ਭਾਜਪਾ ਦੀ ਵੰਡ-ਪਾਊ ਤੇ ਵਿਨਾਸ਼ਕਾਰੀ ਸਰਕਾਰ ਨਾਲੋਂ ਕਿਤੇ ਵਧੀਆ ਮਾਹੌਲ ਹੈ ਜਦੋਂ ਕਿ ਉਤਰ ਪ੍ਰਦੇਸ਼ ਵਿੱਚ ਪਿਛਲੇ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਭਾਜਪਾ ਸਰਕਾਰ ਨੇ ਫਿਰਕੂ ਵਿਵਾਦਾਂ ਨੂੰ ਸਰਗਰਮੀ ਨਾਲ ਅੱਗੇ ਵਧਾਇਆ ਹੈ।
ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਟਵੀਟ ਜਿਸ ਵਿੱਚ ਮਲੇਰਕੋਟਲਾ ਨੂੰ ਜ਼ਿਲੇ ਦਾ ਦਰਜਾ ਦੇਣ ਨੂੰ 'ਕਾਂਗਰਸ ਦੀ ਫੁੱਟ-ਪਾਊ ਨੀਤੀ ਦਾ ਪ੍ਰਤੀਕ' ਦੱਸਿਆ ਸੀ, ਉਤੇ ਸਖਤ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਪੁੱਛਿਆ, ''ਉਹ (ਯੋਗੀ ਅਦਿਤਿਆਨਾਥ) ਕੀ ਜਾਣਦਾ ਹੈ ਪੰਜਾਬ ਦੇ ਸਿਧਾਂਤਾਂ ਜਾਂ ਮਲੇਰਕੋਟਲਾ ਦੇ ਇਤਿਹਾਸ ਬਾਰੇ, ਜਿਸ ਦਾ ਸਿੱਖ ਧਰਮ ਅਤੇ ਗੁਰੂ ਸਾਹਿਬਾਨ ਨਾਲ ਰਿਸ਼ਤਾ ਹਰੇਕ ਪੰਜਾਬੀ ਜਾਣਦਾ ਹੈ। ਅਤੇ ਉਹ ਭਾਰਤੀ ਸੰਵਿਧਾਨ ਨੂੰ ਕੀ ਸਮਝਦਾ ਹੈ ਜਿਹੜਾ ਕਿ ਉਤਰ ਪ੍ਰਦੇਸ਼ ਵਿੱਚ ਉਸ ਦੀ ਹੀ ਸਰਕਾਰ ਵੱਲੋਂ ਰੋਜ਼ ਹੀ ਬੇਰਹਿਮੀ ਨਾਲ ਕੁਚਲਿਆ ਜਾਂਦਾ ਹੈ।''
ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਟਿੱਪਣੀ ਉਤੇ ਚੁਟਕੀ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਯੋਗੀ ਅਦਿੱਤਿਆਨਾਥ ਸਰਕਾਰ ਅਤੇ ਭਾਜਪਾ ਦੇ ਫਿਰਕੂ ਨਫਰਤ ਫੈਲਾਉਣ ਦੇ ਟਰੈਕ ਰਿਕਾਰਡ ਨੂੰ ਦੇਖਦਿਆਂ ਅਜਿਹੀਆਂ ਟਿੱਪਣੀਆਂ ਸਰਾਸਰ ਬੇਤੁਕੀਆਂ ਤੇ ਬੋਲੜੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਖਾਸ ਕਰ ਕੇ ਉਤਰ ਪ੍ਰਦੇਸ਼ ਵਿੱਚ ਯੋਗੀ ਅਦਿਤਿਆਨਾਥ ਦੀਆਂ ਵੰਡ-ਪਾਊ ਨੀਤੀਆਂ ਨੂੰ ਸਾਰੀ ਦੁਨੀਆਂ ਜਾਣਦੀ ਹੈ। ਉਤਰ ਪ੍ਰਦੇਸ਼ ਵਿੱਚ ਮੁਗਲ ਸਰਾਏ ਦਾ ਨਾਮ ਪੰਡਿਤ ਦੀਨ ਦਿਆਲ ਉਪਾਧਿਆ ਨਗਰ, ਅਲਾਹਬਾਦ ਦਾ ਨਾਮ ਪ੍ਰਯਾਗਰਾਜ ਅਤੇ ਫੈਜ਼ਾਬਾਦ ਦਾ ਨਾਮ ਅਯੋਧਿਆ ਬਦਲਣ ਸਮੇਤ ਵੱਖ-ਵੱਖ ਸ਼ਹਿਰਾਂ ਦੇ ਨਾਮ ਬਦਲਣ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਨੇ ਇਸ ਸਭ ਨੂੰ ਯੋਗੀ ਸਰਕਾਰ ਵੱਲੋਂ ਇਤਿਹਾਸ ਨੂੰ ਮੁੜ ਲਿਖਣ ਦੀ ਕੋਸ਼ਿਸ਼ ਕਰਾਰ ਦਿੱਤਾ ਜਿਸ ਨੂੰ ਭਾਰਤ ਦੇ ਸ਼ਾਂਤੀ ਪਸੰਦ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।