ਚੰਡੀਗੜ੍ਹ: ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀ ਭਾਰਤੀ ਕੁਸ਼ਤੀ ਫੈਡਰੇਸ਼ਨ ਦੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ। ਭਾਜਪਾ ਦੇ ਸੰਸਦ ਮੈਂਬਰ ਅਤੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ 22 ਜਨਵਰੀ ਨੂੰ ਕਾਰਜਕਾਰਨੀ ਦੀ ਬੈਠਕ ਬੁਲਾਈ ਸੀ। ਪਰ ਹੁਣ ਇਹ ਮੀਟਿੰਗ ਅਚਾਨਕ ਰੱਦ ਕਰ ਦਿੱਤੀ ਗਈ। ਇਹ ਫੈਸਲਾ ਖੇਡ ਮੰਤਰਾਲੇ ਦੀ ਪਾਬੰਦੀ ਕਾਰਨ ਲਿਆ ਗਿਆ ਹੈ। ਹੁਣ ਇਹ ਮੀਟਿੰਗ 4 ਹਫ਼ਤਿਆਂ ਤੱਕ ਨਹੀਂ ਕਰਵਾਈ ਜਾਵੇਗੀ। ਇਸ ਮੀਟਿੰਗ ਨੂੰ ਮੁਲਤਵੀ ਕਰਨ ਦਾ ਫੈਸਲਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਵੱਲੋਂ ਲਿਆ ਗਿਆ ਮੰਨਿਆ ਜਾ ਰਿਹਾ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਇਸ ਮੁਲਾਕਾਤ ਤੋਂ ਬਾਅਦ ਬ੍ਰਿਜ ਭੂਸ਼ਣ ਆਪਣੇ ਅਸਤੀਫੇ ਦੀ ਪੇਸ਼ਕਸ਼ ਕਰ ਸਕਦੇ ਹਨ।
ਸ਼ਨੀਵਾਰ ਨੂੰ ਖੇਡ ਮੰਤਰਾਲੇ ਨੇ WFI ਦੇ ਸਹਾਇਕ ਸਕੱਤਰ ਵਿਨੋਦ ਤੋਮਰ ਨੂੰ ਅਨੁਸ਼ਾਸਨਹੀਣਤਾ ਦੇ ਦੋਸ਼ 'ਚ ਮੁਅੱਤਲ ਕਰ ਦਿੱਤਾ। ਇਸ ਦੇ ਨਾਲ ਹੀ ਪਹਿਲਵਾਨਾਂ ਦੇ ਦੋਸ਼ਾਂ ਦੀ ਜਾਂਚ ਪੂਰੀ ਹੋਣ ਤੱਕ ਡਬਲਯੂਐਫਆਈ ਦੀਆਂ ਗਤੀਵਿਧੀਆਂ 'ਤੇ ਤੁਰੰਤ ਪਾਬੰਦੀ ਲਗਾ ਦਿੱਤੀ ਗਈ ਹੈ। ਦੱਸ ਦੇਈਏ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਮਹਿਲਾ ਪਹਿਲਵਾਨ ਖਿਡਾਰੀਆਂ ਨੇ ਜਿਨਸੀ ਸ਼ੋਸ਼ਣ ਵਰਗੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ 'ਤੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਦਾ ਅਹੁਦਾ ਛੱਡਣ ਲਈ ਦਬਾਅ ਬਣਾਇਆ ਜਾ ਰਿਹਾ ਹੈ।