ਨਵੀਂ ਦਿੱਲੀ: ਦਿੱਲੀ ਦੇ ਜੰਤਰ-ਮੰਤਰ 'ਤੇ ਪਹਿਲਵਾਨਾਂ ਦਾ ਪ੍ਰਦਰਸ਼ਨ ਅੱਜ ਸ਼ਨੀਵਾਰ ਨੂੰ ਸੱਤਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਦਿੱਲੀ ਪੁਲਿਸ ਨੇ ਜੰਤਰ-ਮੰਤਰ ਵਿਖੇ ਬਿਜਲੀ ਅਤੇ ਪਾਣੀ ਦੇ ਕੁਨੈਕਸ਼ਨ ਕੱਟ ਦਿੱਤੇ ਹਨ। ਪਹਿਲਵਾਨਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਉਨ੍ਹਾਂ ਨੂੰ ਪਾਣੀ ਅਤੇ ਖਾਣਾ ਲਿਆਉਣ ਨਹੀਂ ਦੇ ਰਿਹਾ। ਧਰਨੇ ’ਤੇ ਬੈਠੇ ਪਹਿਲਵਾਨ ਮੋਬਾਈਲਾਂ ਦੀ ਰੌਸ਼ਨੀ ਹੇਠ ਰੋਟੀ ਖਾ ਰਹੇ ਹਨ। ਬਜਰੰਗ ਪੂਨੀਆ ਦਾ ਕਹਿਣਾ ਹੈ ਕਿ ਪੁਲਿਸ 'ਤੇ ਹੁਣ ਜਗ੍ਹਾ ਖਾਲੀ ਕਰਨ ਦਾ ਦਬਾਅ ਹੈ, ਪਰ ਜਦੋਂ ਤੱਕ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ। ਅਸੀਂ ਨਹੀਂ ਹਿੱਲਾਂਗੇ।
ਇਸ ਦੇ ਨਾਲ ਹੀ ਵਿਰੋਧ ਕਰ ਰਹੇ ਹੋਰ ਪਹਿਲਵਾਨਾਂ ਨੇ ਕਿਹਾ ਕਿ ਪੁਲਿਸ ਸਾਡੇ ਨਾਲ ਮਾੜਾ ਵਿਵਹਾਰ ਕਰ ਰਹੀ ਹੈ। ਉਹ ਕਹਿ ਰਹੇ ਹਨ ਕਿ ਜੇਕਰ ਵਿਰੋਧ ਕਰਨਾ ਹੈ ਤਾਂ ਸੜਕ 'ਤੇ ਸੌਂ ਜਾਓ। ਅੱਜ ਉਨ੍ਹਾਂ ਉੱਤੇ ਕਿਸ ਤਰ੍ਹਾਂ ਦਾ ਦਬਾਅ ਆ ਗਿਆ ਹੈ ? ਅੱਜ ਤੋਂ ਪਹਿਲਾਂ ਅਜਿਹੀ ਕੋਈ ਸਮੱਸਿਆ ਕਿਉਂ ਨਹੀਂ ਸੀ ? ਸੁਪਰੀਮ ਕੋਰਟ ਦੇ ਦਬਾਅ ਕਾਰਨ ਹੀ ਸਾਨੂੰ ਸਫਲਤਾ ਮਿਲ ਰਹੀ ਹੈ। ਪੁਲਿਸ ਭਾਵੇਂ ਜਿੰਨੇ ਮਰਜ਼ੀ ਜੁਰਮ ਕਰ ਲਵੇ, ਅਸੀਂ ਇੱਥੋਂ ਨਹੀਂ ਜਾਣ ਵਾਲੇ। ਦੇਰ ਰਾਤ ਲਾਈਟਾਂ ਕੱਟ ਦਿੱਤੀਆਂ ਗਈਆਂ ਤਾਂ ਜੋ ਅਸੀਂ ਖਾਣਾ ਨਾ ਖਾ ਸਕੀਏ। ਪਾਣੀ ਲਿਆਉਣ ਨਹੀਂ ਦਿੱਤਾ ਜਾ ਰਿਹਾ ਸੀ। ਪਰ ਜਦੋਂ ਅਸੀਂ ਭੋਜਨ ਅਤੇ ਪਾਣੀ ਦਾ ਪ੍ਰਬੰਧ ਕੀਤਾ ਤਾਂ ਪੁਲਿਸ ਨੇ ਲਾਈਟਾਂ ਕੱਟ ਦਿੱਤੀਆਂ।