ਨਵੀਂ ਦਿੱਲੀ : ਦਿੱਲੀ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਸਿਹਤ ਦੇ ਆਧਾਰ 'ਤੇ ਚੱਲ ਰਹੇ ਅਦਾਲਤੀ ਮਾਮਲੇ 'ਚ ਇਕ ਹਫਤੇ ਲਈ ਅੰਤ੍ਰਿਮ ਜ਼ਮਾਨਤ ਦੇ ਦਿੱਤੀ ਹੈ। ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ 'ਤੇ ਸਾਬਕਾ ਜੂਨੀਅਰ ਰਾਸ਼ਟਰੀ ਕੁਸ਼ਤੀ ਚੈਂਪੀਅਨ ਸਾਗਰ ਧਨਖੜ 'ਤੇ ਹਮਲਾ ਕਰਨ ਦਾ ਦੋਸ਼ ਸੀ, ਜਿਸ 'ਚ ਉਸ ਦੀ ਮੌਤ ਹੋ ਗਈ ਸੀ। ਇਸੇ ਲਈ ਸੁਸ਼ੀਲ ਕੁਮਾਰ ਨੂੰ ਲਿੰਚਿੰਗ ਦੇ ਮੁਕੱਦਮੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਕੇਸ ਵਿੱਚ ਵਧੀਕ ਸੈਸ਼ਨ ਜੱਜ ਸੁਸ਼ੀਲ ਕੁਮਾਰ ਦੀ ਅਦਾਲਤ ਨੇ ਅੰਤ੍ਰਿਮ ਜ਼ਮਾਨਤ ਦੀ ਅਰਜ਼ੀ ਦੀ ਸੁਣਵਾਈ ਕਰਦਿਆਂ ਕਿਹਾ ਕਿ ਸੁਸ਼ੀਲ ਕੁਮਾਰ ਦੇ ਟੁੱਟੇ ਹੋਏ ਲਿਗਾਮੈਂਟ ਅਤੇ 26 ਜੁਲਾਈ ਨੂੰ ਹੋਣ ਵਾਲੀ ਸਰਜਰੀ ਕਾਰਨ ਉਸ ਨੂੰ ਜ਼ਮਾਨਤ ਦਿੱਤੀ ਜਾ ਰਹੀ ਹੈ। ਸੁਸ਼ੀਲ ਕੁਮਾਰ ਨੂੰ 2 ਜੂਨ, 2021 ਤੋਂ ਨਿਆਂਇਕ ਹਿਰਾਸਤ ਵਿੱਚ ਰੱਖਿਆ ਗਿਆ ਹੈ।
ਮਾਮਲੇ 'ਚ ਜੱਜ ਨੇ ਕਿਹਾ-
“ਬਿਨੈਕਾਰ ਜਾਂ ਦੋਸ਼ੀ ਦੀ ਮੌਜੂਦਾ ਡਾਕਟਰੀ ਸਥਿਤੀ ਨੂੰ ਦੇਖਦੇ ਹੋਏ, ਉਸ ਨੂੰ 23 ਜੁਲਾਈ ਤੋਂ 30 ਜੁਲਾਈ ਤੱਕ ਇੱਕ ਹਫ਼ਤੇ ਦੀ ਅੰਤਰਿਮ ਜ਼ਮਾਨਤ 'ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਗਿਆ ਹੈ।
ਜੇਲ੍ਹ ਸੁਪਰਡੈਂਟ ਤੋਂ ਮੰਗੀ ਮੈਡੀਕਲ ਰਿਪੋਰਟ :ਇਸ ਦੌਰਾਨ ਅਦਾਲਤ ਨੇ ਕੁਮਾਰ ਨੂੰ ਇੱਕ ਲੱਖ ਰੁਪਏ ਦੇ ਨਿੱਜੀ ਮੁਚੱਲਕੇ ਅਤੇ ਇੰਨੀ ਹੀ ਰਕਮ ਦੀਆਂ ਦੋ ਜ਼ਮਾਨਤਾਂ ਪੇਸ਼ ਕਰਨ ਦਾ ਹੁਕਮ ਦਿੰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਸਬੰਧਤ ਜੇਲ੍ਹ ਸੁਪਰਡੈਂਟ ਦੇ ਦਫ਼ਤਰ ਤੋਂ ਮੈਡੀਕਲ ਹਾਲਤ ਦੀ ਰਿਪੋਰਟ ਵੀ ਮੰਗੀ ਗਈ ਹੈ। ਇਸ ਦੇ ਨਾਲ ਹੀ ਇੱਕ ਵਿਸਤ੍ਰਿਤ ਰਿਪੋਰਟ ਪ੍ਰਾਪਤ ਹੋਈ, ਜਿਸ ਤੋਂ ਪਤਾ ਲੱਗਦਾ ਹੈ ਕਿ ਬਿਨੈਕਾਰ ਸੁਸ਼ੀਲ ਕੁਮਾਰ ਨੂੰ ਸਫਦਰਜੰਗ ਹਸਪਤਾਲ ਦੇ ਸਪੋਰਟਸ ਇੰਜਰੀ ਸੈਂਟਰ ਵਿੱਚ ਵੀ ਰੈਫਰ ਕੀਤਾ ਗਿਆ ਸੀ ਅਤੇ ਉਸ ਨੂੰ ਇਲਾਜ ਦੀ ਲੋੜ ਸੀ। ਇਸ ਦੇ ਨਾਲ ਹੀ ਉਸ ਦੀ ਬਦਲਵੀਂ ਸਰਜਰੀ ਵੀ ਕੀਤੀ ਜਾਣੀ ਹੈ।
ਘੱਟੋ-ਘੱਟ ਦੋ ਸੁਰੱਖਿਆ ਕਰਮੀ ਰਹਿਣਗੇ ਨਾਲ :ਜੱਜ ਨੇ ਹੁਕਮ ਦਿੰਦੇ ਹੋਏ ਕਿਹਾ ਕਿ ਗਵਾਹਾਂ ਦੇ ਖਤਰੇ ਦੀ ਧਾਰਨਾ ਦੇ ਨਾਲ-ਨਾਲ ਸੁਸ਼ੀਲ ਕੁਮਾਰ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਘੱਟੋ-ਘੱਟ ਦੋ ਸੁਰੱਖਿਆ ਕਰਮਚਾਰੀਆਂ ਨੂੰ ਉਸ ਦੇ ਨਾਲ ਹਰ ਸਮੇਂ ਮੌਜੂਦ ਰਹਿਣ ਦੇ ਨਿਰਦੇਸ਼ ਦਿੱਤੇ ਹਨ।
ਤੁਹਾਨੂੰ ਦੱਸ ਦਈਏ ਕਿ ਕਥਿਤ ਸੰਪਤੀ ਦੇ ਇਕ ਵਿਵਾਦ ਨੂੰ ਲੈ ਕੇ 4 ਮਈ 2021 ਵਿੱਚ ਸੁਸ਼ੀਲ ਨੇ ਕੁਝ ਲੋਕਾਂ ਨਾਲ ਮਿਲ ਕੇ ਸ਼ਹਿਰ ਦੇ ਛੱਤਰਸਾਲ ਸਟੇਡੀਅਮ ਦੀ ਪਾਰਕਿੰਗ ਵਿੱਚ ਹਰਿਆਣਾ ਦੇ ਰੋਹਤਕ ਨਿਵਾਸੀ ਸਾਬਕਾ ਜੂਨੀਅਰ ਰੀਸ਼ਟਰੀ ਕੁਸ਼ਤੀ ਚੈਂਪੀਅਨ ਧਨਖੜ ਤੇ ਉਸ ਦੇ ਦੋਸਤਾਂ ਉਤੇ ਹਮਲਾ ਕਰ ਦਿੱਤਾ ਸੀ, ਜਿਸ ਵਿੱਚ ਜ਼ਖਮੀ ਪਹਿਲਵਾਨ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਰਿਪੋਰਟ ਨੇ ਪਿਛਲੇ ਸਾਲ ਅਕਤੂਬਰ ਵਿੱਚ ਸੁਸ਼ੀਲ ਕੁਮਾਰ ਤੇ 17 ਹੋਰਨਾਂ ਖਿਲਾਫ ਦੋਸ਼ ਤੈਅ ਕੀਤੇ ਸਨ।