ਪਾਨੀਪਤ/ਹਰਿਆਣਾ:ਪਾਨੀਪਤ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਖੰਡਰਾ ਤੋਂ ਨਿਕਲੇ ਨੀਰਜ ਚੋਪੜਾ ਅੱਜ ਵਿਸ਼ਵ ਭਰ ਵਿੱਚ ਕਿਸੇ ਪਛਾਣ ਦਾ ਮੁਹਤਾਜ ਨਹੀਂ ਹੈ। ਨੀਰਜ ਚੋਪੜਾ ਭਾਰਤ ਦਾ ਨਾਮ ਵਿਸ਼ਵ ਭਰ ਵਿੱਚ ਰੌਸ਼ਨ ਕੀਤਾ ਹੈ ਅਤੇ ਅਪਣੀ ਵੱਖਰੀ ਪਛਾਣ ਬਣਾਈ ਹੈ। ਗੋਲਡਨ ਬੁਆਏ ਵਜੋਂ ਜਾਣੇ ਜਾਂਦੇ ਨੀਰਜ ਚੋਪੜਾ ਨੇ ਬੁਢਾਪੇਸਟ ਵਿੱਚ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਜੈਵਲਿਨ ਸੁੱਟ ਕੇ ਇਤਿਹਾਸ ਰੱਚਿਆ ਹੈ। ਉਸ ਵਲੋਂ ਜਿੱਤੇ ਸੋਨ ਤਗ਼ਮੇ ਦੀ ਖੁਸ਼ੀ ਜਿੱਥੇ ਪੂਰਾ ਦੇਸ਼ ਮਨਾ ਰਿਹਾ ਹੈ, ਉੱਥੇ ਹੀ ਨੀਰਜ ਦੇ ਪਰਿਵਾਰ ਵਿੱਚ ਵੀ ਜਸ਼ਨ ਦਾ ਮਾਹੌਲ ਹੈ।
ਨੀਰਜ ਨੇ ਦੂਜੇ ਰਾਊਂਡ ਵਿੱਚ 88.17 ਮੀਟਰ ਜੈਵਿਲ ਥ੍ਰੋ ਕੀਤਾ ਅਤੇ ਵਿਸ਼ਵ ਜੇਤੂ ਬਣੇ। ਹਰਿਆਣਾ ਦੇ ਪਿੰਡ ਖੰਡਰਾ ਵਿੱਚ ਮਿਠਾਈ ਵੰਡੀ ਜਾ ਰਹੀ ਹੈ। ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦੀਆਂ ਲਾਈਨਾਂ ਲੱਗ ਗਈਆਂ ਹਨ। ਨੀਰਜ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਗੋਲਡ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ ਹਨ।
ਪਿਛਲੇ ਤਿੰਨ ਮਹੀਨਿਆਂ ਤੋਂ ਵਰਲਡ ਰੈਂਕਿੰਗ 'ਚ ਪਹਿਲੇ ਨੰਬਰ ਉੱਤੇ ਬਣੇ ਨੀਰਜ:ਵਰਲਡ ਰੈਂਕਿੰਗ 'ਚ ਵੀ ਨੀਰਜ ਚੋਪੜਾ ਪਹਿਲੇ ਨੰਬਰ ਉੱਤੇ ਹਨ। ਨੀਰਜ ਚੋਪੜਾ ਫਾਈਨਲ ਮੁਕਾਬਲੇ ਦੀ ਪਹਿਲੀ ਕੋਸ਼ਿਸ਼ ਵਿੱਚ ਫਾਊਲ ਹੋ ਗਏ। ਪਰ, ਦੂਜੇ ਰਾਊਂਡ ਵਿੱਚ 88.17 ਮੀਟਰ ਉੱਤੇ ਜੈਵਲਿਨ ਥ੍ਰੋ ਕਰਕੇ, ਸਭ ਤੋਂ ਉਪਰ ਆ ਗਏ। ਪਿੰਡਵਾਸੀਆਂ ਤੇ ਪਰਿਵਾਰ ਵਾਲਿਆਂ ਨੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ ਅਤੇ ਤਾਲੀਆਂ ਵਜਾ ਕੇ ਖੁਸ਼ੀ ਮਨਾਈ।
ਵਿਆਹ ਨੂੰ ਲੈ ਕੇ ਨੀਰਜ ਚੋਪੜਾ ਦੇ ਚਾਚਾ ਦਾ ਬਿਆਨ: ਚਾਚਾ ਭੀਮ ਚੋਪੜਾ ਨੇ ਮੈਚ ਜਿੱਤਣ ਤੋਂ ਪਹਿਲਾਂ ਕਿਹਾ ਸੀ ਕਿ ਨੀਰਜ ਇਸ ਵਾਰ ਕੁਆਲੀਫਾਇੰਗ ਰਾਊਂਡ ਦੇ ਥ੍ਰੋ ਤੋਂ ਆਪਣਾ ਸਰਵੋਤਮ ਰਿਕਾਰਡ ਤੋੜਨ ਲਈ ਤਿਆਰ ਹੈ। ਮੈਚ ਜਿੱਤਣ 'ਤੇ ਨੀਰਜ ਦੇ ਚਾਚਾ ਨੇ ਕਿਹਾ ਕਿ ਇਹ ਦੇਸ਼ ਲਈ ਵੱਡੀ ਪ੍ਰਾਪਤੀ ਹੈ। ਨੀਰਜ ਸਾਰਿਆਂ ਦੀਆਂ ਉਮੀਦਾਂ 'ਤੇ ਖਰਾ ਉਤਰਿਆ ਹੈ। ਭੀਮ ਚੋਪੜਾ ਨੇ ਕਿਹਾ ਕਿ ਨੀਰਜ ਦੇ 2024 ਓਲੰਪਿਕ ਖੇਡਣ ਤੋਂ ਬਾਅਦ ਹੀ, ਨੀਰਜ ਨਾਲ ਵਿਆਹ ਬਾਰੇ ਗੱਲ ਕੀਤੀ ਜਾਵੇਗੀ।
ਮਾਂ ਨੇ ਕਿਹਾ ਸੀ- ਇਸ ਵਾਰ ਵੀ ਪੁੱਤ ਜਿੱਤੇਗਾ ਸੋਨ: ਹੰਗਰੀ ਦੇ ਬੁਢਾਪੇਸਟ ਵਿੱਚ ਕਰਵਾਈ ਜਾ ਰਹੀ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਨੀਰਜ ਲਈ ਪਹਿਲਾਂ ਹੀ ਪ੍ਰਾਰਥਨਾ ਅਤੇ ਦੁਆਵਾਂ ਦਾ ਦੌਰ ਸ਼ੁਰੂ ਹੋ ਗਿਆ। ਪਿਤਾ ਸਤੀਸ਼ ਨੇ ਕਿਹਾ ਕਿ ਪੂਰੇ ਦੇਸ਼ ਦੀਆਂ ਦੁਆਵਾਂ ਨੀਰਜ ਦੇ ਨਾਲ ਹਨ। ਮਾਂ ਸਰੋਜ ਦੇਵੀ ਨੇ ਕਿਹਾ ਸੀ ਕਿ ਪੁੱਤਰ ਇਸ ਵਾਰ ਵੀ ਸੋਨ ਹੀ ਜਿੱਤੇਗਾ। ਉਹ ਘੜ ਆਵੇਗਾ, ਉਸ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ।