ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੀ ਰਹਿਣ ਵਾਲੀ 23 ਸਾਲਾ ਔਰਤ ਪਿਛਲੇ 7 ਮਹੀਨਿਆਂ ਤੋਂ ਬੇਹੋਸ਼ ਹੈ। ਸੜਕ ਹਾਦਸੇ 'ਚ ਸਿਰ 'ਤੇ ਸੱਟ ਲੱਗਣ ਤੋਂ ਬਾਅਦ ਕਈ ਵਾਰ ਸਰਜਰੀ ਕਰਨ ਤੋਂ ਬਾਅਦ ਔਰਤ ਬੇਹੋਸ਼ ਪਈ ਹੈ। ਉਸ ਨੇ ਪਿਛਲੇ ਹਫ਼ਤੇ ਏਮਜ਼ ਵਿੱਚ ਇੱਕ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ ਹੈ। ਡਾਕਟਰਾਂ ਮੁਤਾਬਕ ਹਾਦਸੇ ਦੇ ਸਮੇਂ ਔਰਤ ਆਪਣੇ ਪਤੀ ਨਾਲ ਬਾਈਕ 'ਤੇ ਜਾ ਰਹੀ ਸੀ। ਇਸ ਦੌਰਾਨ ਉਸ ਨੇ ਹੈਲਮੇਟ ਨਹੀਂ ਪਾਇਆ ਹੋਇਆ ਸੀ। ਘਟਨਾ ਇਸ ਸਾਲ 31 ਮਾਰਚ ਦੀ ਹੈ। ਇਸ ਹਾਦਸੇ 'ਚ ਔਰਤ ਦੇ ਸਿਰ 'ਤੇ ਕਾਫੀ ਡੂੰਘੀਆਂ ਅਤੇ ਗੰਭੀਰ ਸੱਟਾਂ ਲੱਗੀਆਂ ਹਨ। ਹਾਲਾਂਕਿ ਇਸ ਹਾਦਸੇ 'ਚ ਉਸ ਦੀ ਜਾਨ ਤਾਂ ਬਚ ਗਈ ਪਰ ਉਹ ਬੇਹੋਸ਼ ਹੀ ਰਹੀ।
ਨਿਊਰੋਸਰਜਰੀ ਵਿਭਾਗ ਦੇ ਪ੍ਰੋਫੈਸਰ ਦੀਪਕ ਗੁਪਤਾ ਨੇ ਕਿਹਾ ਕਿ "ਉਹ ਆਪਣੀਆਂ ਅੱਖਾਂ ਖੋਲ੍ਹਦੀ ਹੈ, ਪਰ ਉਹ ਸਮਝਣ ਜਾਂ ਪ੍ਰਤੀਕ੍ਰਿਆ ਕਰਨ ਦੀ ਸਥਿਤੀ ਵਿੱਚ ਨਹੀਂ ਹੈ। ਡਾਕਟਰ ਗੁਪਤਾ ਨੇ ਕਿਹਾ ਕਿ ਜੇਕਰ ਔਰਤ ਨੇ ਹੈਲਮੇਟ ਪਹਿਨਿਆ ਹੁੰਦਾ ਤਾਂ ਉਸਦੀ ਜ਼ਿੰਦਗੀ ਵੱਖਰੀ ਹੋਣੀ ਸੀ। ਸ਼ਾਇਦ ਉਹ ਹੁਣ ਤੱਕ ਠੀਕ ਹੋ ਚੁੱਕੀ ਹੋਵੇਗੀ। ਔਰਤ ਦਾ ਪਤੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਸੀ, ਪਰ ਇਸ ਹਾਦਸੇ ਤੋਂ ਬਾਅਦ ਉਸਨੇ ਆਪਣੀ ਪਤਨੀ ਦੀ ਦੇਖਭਾਲ ਲਈ ਨੌਕਰੀ ਛੱਡ ਦਿੱਤੀ ਅਤੇ ਉਹ ਆਪਣੀ ਪਤਨੀ ਦੀ ਦੇਖਭਾਲ ਕਰ ਰਿਹਾ ਹੈ।"