ਪ੍ਰਤਾਪਗੜ੍ਹ: ਰਾਜਸਥਾਨ ਦੇ ਪ੍ਰਤਾਪਗੜ੍ਹ ਜ਼ਿਲ੍ਹੇ 'ਚ ਇੱਕ ਔਰਤ ਨੰਗਾ ਕਰਕੇ ਪਰੇਡ ਕਰਵਾਉਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਦਰਾਅਸਰ ਪ੍ਰਤਾਪਗੜ੍ਹ ਜ਼ਿਲ੍ਹੇ 'ਚ ਮਾਮੇ ਅਤੇ ਸਹੁਰੇ ਪੱਖ 'ਚ ਹੋਏ ਝਗੜੇ ਕਾਰਨ ਇੱਕ ਔਰਤ ਨੂੰ ਸਹੁਰੇ ਵਾਲਿਆਂ ਨੇ ਨੰਗਾ ਕਰ ਉਸ ਦੀ ਪਰੇਡ ਕਰਵਾਈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਦੀ ਚਰਚਾ ਤੋਂ ਬਾਅਦ ਸਥਾਨਕ ਪੁਲਿਸ ਅਤੇ ਸਰਕਾਰ ਹਰਕਤ 'ਚ ਆ ਗਈ ਹੈ।
CM ਦੇ ਪੁਲਿਸ ਨੂੰ ਸਖ਼ਤ ਨਿਰਦੇਸ਼: ਮਾਮਲੇ 'ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਬੀਤੀ ਸ਼ਾਮ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਡਾਇਰੈਕਟਰ ਜਨਰਲ ਨੂੰ ਏਡੀਜੀ ਕ੍ਰਾਈਮ ਨੂੰ ਮੌਕੇ 'ਤੇ ਭੇਜਣ ਅਤੇ ਇਸ ਮਾਮਲੇ 'ਚ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਗਹਿਲੋਤ ਨੇ ਕਿਹਾ ਕਿ ਸੱਭਿਅਕ ਸਮਾਜ ਵਿੱਚ ਅਜਿਹੇ ਅਪਰਾਧੀਆਂ ਲਈ ਕੋਈ ਥਾਂ ਨਹੀਂ ਹੈ। ਇਨ੍ਹਾਂ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਲਾਖਾਂ ਪਿੱਛੇ ਡੱਕਿਆ ਜਾਵੇਗਾ ਅਤੇ ਫਾਸਟ ਟਰੈਕ ਅਦਾਲਤ ਵਿੱਚ ਮੁਕੱਦਮਾ ਚਲਾ ਕੇ ਸਜ਼ਾਵਾਂ ਦਿੱਤੀਆਂ ਜਾਣਗੀਆਂ।
ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕੀਤਾ ਟਵੀਟ:ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਰਾਜਸਥਾਨ ਦੇ ਪ੍ਰਤਾਪਗੜ੍ਹ ਦਾ ਵੀਡੀਓ ਹੈਰਾਨ ਕਰਨ ਵਾਲਾ ਹੈ। ਸਭ ਤੋਂ ਮਾੜੀ ਗੱਲ ਇਹ ਹੈ ਕਿ ਰਾਜਸਥਾਨ ਵਿੱਚ ਪ੍ਰਸ਼ਾਸਨ ਪੂਰੀ ਤਰ੍ਹਾਂ ਗੈਰਹਾਜ਼ਰ ਹੈ। ਮੁੱਖ ਮੰਤਰੀ ਅਤੇ ਮੰਤਰੀ ਧੜੇਬੰਦੀਆਂ ਨੂੰ ਸੁਲਝਾਉਣ ਵਿੱਚ ਰੁੱਝੇ ਹੋਏ ਹਨ, ਅਤੇ ਬਾਕੀ ਸਮਾਂ ਦਿੱਲੀ ਵਿੱਚ ਇੱਕ ਖਾਨਦਾਨ ਨੂੰ ਖੁਸ਼ ਕਰਨ ਵਿੱਚ ਬਤੀਤ ਕਰ ਰਹੇ ਹਨ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਰਾਜ ਵਿੱਚ ਔਰਤਾਂ ਦੀ ਸੁਰੱਖਿਆ ਦੇ ਮੁੱਦੇ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਹਰ ਰੋਜ਼ ਔਰਤਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਰਾਜਸਥਾਨ ਦੇ ਲੋਕ ਸੂਬਾ ਸਰਕਾਰ ਨੂੰ ਸਬਕ ਸਿਖਾਉਣਗੇ।’
ਇਹ ਹੈ ਮਾਮਲਾ: ਪ੍ਰਤਾਪਗੜ੍ਹ ਜ਼ਿਲ੍ਹੇ ਦੇ ਧਾਰਿਆਵਾੜ ਥਾਣੇ ਦੇ ਪਹਾੜਾ ਗ੍ਰਾਮ ਪੰਚਾਇਤ ਦੇ ਨਿਚਲਕੋਟਾ ਪਿੰਡ 'ਚ ਇੱਕ ਔਰਤ ਨੂੰ ਨੰਗਾ ਕਰਕੇ ਉਸਦੀ ਪਰੇਡ ਕਰਵਾਈ ਗਈ। ਇਸ ਮਾਮਲੇ ਵਿੱਚ ਪੀੜਤ ਅਤੇ ਮੁਲਜ਼ਮ ਦੋਵੇਂ ਆਦਿਵਾਸੀ ਭਾਈਚਾਰੇ ਨਾਲ ਸਬੰਧਤ ਹਨ। ਪੀੜਤਾ ਦਾ ਸਾਬਕਾ ਸਹੁਰਾ ਅਤੇ ਹੋਰ ਪਰਿਵਾਰਕ ਮੈਂਬਰ ਮੁਲਜ਼ਮ ਦੱਸੇ ਜਾ ਰਹੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਐੱਸਪੀ ਅਮਿਤ ਕੁਮਾਰ ਨੇ ਦੱਸਿਆ ਕਿ ਐਫਆਈਆਰ ਦਰਜ ਕਰ ਲਈ ਗਈ ਹੈ ਤੇ ਘਟਨਾ 'ਚ ਸ਼ਾਮਲ ਸਾਰੇ 8 ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਥਾਂ-ਥਾਂ ਛਾਪੇ ਮਾਰ ਰਹੀ ਹੈ।
ਪੁਲਿਸ ਨੇ ਕੀਤਾ ਟਵੀਟ:ਸੂਬਾ ਸਰਕਾਰ ਨੇ ਪ੍ਰਤਾਪਗੜ੍ਹ ਘਟਨਾ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ। ਪ੍ਰਤਾਪਗੜ੍ਹ ਮਾਮਲੇ 'ਚ ਰਾਜਸਥਾਨ ਪੁਲਿਸ ਦੇ ਡੀਜੀਪੀ ਉਮੇਸ਼ ਮਿਸ਼ਰਾ ਨੇ ਕਿਹਾ ਹੈ ਕਿ ਸਾਰੇ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਤੇ ਜਲਦੀ ਹੀ ਸਾਰੇ ਦੋਸ਼ੀ ਫੜੇ ਜਾਣਗੇ। ਦੂਜੇ ਪਾਸੇ ਡੀਜੀਪੀ ਉਮੇਸ਼ ਮਿਸ਼ਰਾ ਦੇ ਨਿਰਦੇਸ਼ਾਂ 'ਤੇ ਏਡੀਜੀ ਕ੍ਰਾਈਮ ਦਿਨੇਸ਼ ਐਮਐਨ ਪ੍ਰਤਾਪਗੜ੍ਹ ਲਈ ਰਵਾਨਾ ਹੋ ਗਏ ਹਨ।
ਸਥਾਨਕ ਵਿਧਾਇਕ ਨੇ ਕਿਹਾ ਘਟਨਾ ਨਿੰਦਣਯੋਗ: ਪ੍ਰਤਾਪਗੜ੍ਹ ਵਿੱਚ ਵਾਪਰੀ ਇਸ ਸ਼ਰਮਨਾਕ ਘਟਨਾ ਬਾਰੇ ਸਥਾਨਕ ਵਿਧਾਇਕ ਨਾਗਰਾਜ ਮੀਨਾ ਨੇ ਕਿਹਾ ਕਿ ਮੈਨੂੰ ਰਾਤ ਕਰੀਬ 9 ਵਜੇ ਘਟਨਾ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਮੈਂ ਕਲੈਕਟਰ ਅਤੇ ਐਸਪੀ ਨਾਲ ਗੱਲ ਕੀਤੀ ਹੈ। ਘਟਨਾ ਬਾਰੇ ਉਨ੍ਹਾਂ ਕਿਹਾ ਕਿ ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੋਵੇਗੀ। ਅਜਿਹੀ ਘਟਨਾ ਬਿਲਕੁਲ ਨਹੀਂ ਹੋਣੀ ਚਾਹੀਦੀ। ਪੁਲਿਸ ਵੱਲੋਂ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ।
ਭਾਜਪਾ ਨੇ ਸਾਥੇ ਨਿਸ਼ਾਨਾ: ਵਿਰੋਧੀ ਧਿਰ ਦੇ ਉਪ ਨੇਤਾ ਸਤੀਸ਼ ਪੂਨੀਆ ਨੇ ਵੀ ਪ੍ਰਤਾਪਗੜ੍ਹ ਕਾਂਡ ਨੂੰ ਲੈ ਕੇ ਟਵੀਟ ਕੀਤਾ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਮੁੱਖ ਮੰਤਰੀ ਅਸ਼ੋਕ ਗਹਿਲੋਤ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਪ੍ਰਤਾਪਗੜ੍ਹ ਵਿੱਚ ਇੱਕ ਆਦਿਵਾਸੀ ਔਰਤ ਨਾਲ ਬਦਸਲੂਕੀ ਦੀ ਵੀਡੀਓ ਦੇਖ ਕੇ ਰੂਹ ਕੰਬ ਜਾਂਦੀ ਹੈ। ਅਪਰਾਧੀਆਂ ਦਾ ਮਨੋਬਲ ਇੰਨਾ ਉੱਚਾ ਹੈ ਕਿ ਉਹ ਖੁੱਲ੍ਹੇਆਮ ਅਪਰਾਧ ਦੀਆਂ ਵੀਡੀਓਜ਼ ਬਣਾ ਰਹੇ ਹਨ। ਇਹ ਦੁਰਵਿਵਹਾਰ ਸਮਾਜ ਅਤੇ ਜਮਹੂਰੀ ਕਦਰਾਂ-ਕੀਮਤਾਂ ਦੀ ਹਾਰ ਹੈ। ਸੂਬਾ ਸਰਕਾਰ ਨੂੰ ਬੇਨਤੀ ਹੈ ਕਿ ਦੋਸ਼ੀਆਂ ਨੂੰ ਇੰਨੀ ਸਖ਼ਤ ਸਜ਼ਾ ਦਿੱਤੀ ਜਾਵੇ ਕਿ ਅਜਿਹੇ ਅਪਰਾਧਾਂ ਬਾਰੇ ਸੋਚ ਕੇ ਵੀ ਅਪਰਾਧੀਆਂ ਦੇ ਮਨਾਂ ਵਿੱਚ ਡਰ ਪੈਦਾ ਹੋ ਜਾਵੇ।