ਨਵੀਂ ਦਿੱਲੀ: ਸੰਸਦ ਦੇ ਸਰਦ ਰੁੱਤ ਇਜਲਾਸ (Winter session of Parliament) ਦਾ ਪਹਿਲਾ ਦਿਨ ਹੰਗਾਮਾ ਭਰਪੂਰ ਹੋ ਨਿਬੜਿਆ। ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਦੋਵਾਂ ਸਦਨਾਂ ਵਿੱਚ ਬਿਨ੍ਹਾਂ ਚਰਚਾ ਕੀਤੇ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲਾ ਖੇਤੀਬਾੜੀ ਕਾਨੂੰਨ ਵਾਪਸੀ ਬਿੱਲ (farm laws repeal bill 2021) ਪਾਸ ਕਰ ਦਿੱਤਾ ਗਿਆ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਦੋਵਾਂ ਸਦਨਾਂ ਵਿੱਚ ਇਹ ਬਿੱਲ ਪੇਸ਼ ਕੀਤਾ।
ਖੇਤੀ ਕਾਨੂੰਨਾਂ ਨੂੰ ਖ਼ਤਮ ਕਰਨ ਵਾਲੇ ਬਿੱਲ ਬਿਨ੍ਹਾਂ ਚਰਚਾ ਤੋਂ ਪਾਸ
ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਦੋਵਾਂ ਸਦਨਾਂ ਵਿੱਚ ਬਿਨਾਂ ਚਰਚਾ ਕੀਤੇ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲੇ ਬਿੱਲ ਪਾਸ ਕਰ ਦਿੱਤੇ ਗਏ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਦੋਵਾਂ ਸਦਨਾਂ ਵਿੱਚ ਖੇਤੀਬਾੜੀ ਕਾਨੂੰਨ ਰੱਦ ਕਰਨ ਬਿੱਲ 2021 (farm laws repeal bill 2021) ਪੇਸ਼ ਕੀਤਾ। ਉਨ੍ਹਾਂ ਰਾਜ ਸਭਾ 'ਚ ਕਿਹਾ, 'ਸਰਕਾਰ ਅਤੇ ਵਿਰੋਧੀ ਪਾਰਟੀਆਂ ਦੋਵੇਂ ਹੀ ਇਨ੍ਹਾਂ ਕਾਨੂੰਨਾਂ ਦੀ ਵਾਪਸੀ ਚਾਹੁੰਦੀਆਂ ਹਨ, ਇਸ ਲਈ ਖੇਤੀ ਕਾਨੂੰਨ ਰੱਦ ਕਰਨ ਵਾਲੇ ਬਿੱਲ 'ਤੇ ਕਿਸੇ ਚਰਚਾ ਦੀ ਲੋੜ ਨਹੀਂ ਹੈ।'
ਲੋਕ ਸਭਾ ਵਿੱਚ ਬਿਨ੍ਹਾਂ ਚਰਚਾ ਤੋਂ ਬਿੱਲ ਪਾਸ ਹੋਣ ਦਾ ਵਿਰੋਧ ਕਰਦਿਆਂ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਅੱਜ ਸਦਨ ਵਿੱਚ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਚਰਚਾ ਤੋਂ ਬਾਅਦ ਇਸ ਬਿੱਲ ਨੂੰ ਪਾਸ ਕਰਨ ਦੀ ਗੱਲ ਚੱਲ ਰਹੀ ਸੀ ਪਰ ਸਰਕਾਰ ਇਸ 'ਤੇ ਚਰਚਾ ਕਿਉਂ ਨਹੀਂ ਕਰਨਾ ਚਾਹੁੰਦੀ?
ਵਿਰੋਧੀ ਮੈਂਬਰਾਂ ਨੇ ਰੱਦ ਬਿੱਲ 'ਤੇ ਚਰਚਾ ਦੀ ਮੰਗ ਕੀਤੀ ਤਾਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਸਦਨ 'ਚ ਕੋਈ ਵਿਵਸਥਾ ਹੀ ਨਹੀਂ ਹੈ ਅਤੇ ਅਜਿਹੀ ਸਥਿਤੀ 'ਚ ਚਰਚਾ ਕਿਵੇਂ ਹੋ ਸਕਦੀ ਹੈ। ਉਨ੍ਹਾਂ ਕਿਹਾ, 'ਜੇਕਰ ਤੁਸੀਂ (ਵਿਰੋਧੀ ਮੈਂਬਰ) ਵਿਵਸਥਾ ਕਰ ਲੈਂਦੇ ਹੋ ਤਾਂ ਚਰਚਾ ਹੋ ਸਕਦੀ ਹੈ।'
ਰੱਦ ਕੀਤੇ ਜਾ ਰਹੇ ਤਿੰਨ ਕਾਨੂੰਨਾਂ ਨੂੰ 'ਕਾਲਾ ਕਾਨੂੰਨ' ਕਰਾਰ ਦਿੰਦਿਆਂ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ ਕਿਹਾ, 'ਇਕ ਸਾਲ ਅਤੇ ਤਿੰਨ ਮਹੀਨਿਆਂ ਬਾਅਦ ਤੁਹਾਨੂੰ (ਸਰਕਾਰ) ਨੂੰ ਗਿਆਨ ਹੋਇਆ ਅਤੇ ਤੁਸੀਂ ਕਾਨੂੰਨਾਂ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ।' ਉਨ੍ਹਾਂ ਕਿਹਾ ਕਿ ਇਸ ਕਿਸਾਨ ਲਹਿਰ (one year of Farmers Protest) ਨਾਲ ਸਾਰੇ ਲੋਕ ਸਿੱਧੇ ਜਾਂ ਅਸਿੱਧੇ ਤੌਰ ’ਤੇ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਇਹ ਬਿੱਲ ਪ੍ਰਸਤਾਵਿਤ ਕੀਤਾ ਗਿਆ ਸੀ ਤਾਂ ਵੱਖ-ਵੱਖ ਗੈਰ-ਸਰਕਾਰੀ ਸੰਸਥਾਵਾਂ (ਐਨ.ਜੀ.ਓ.), ਕਿਸਾਨ ਜਥੇਬੰਦੀਆਂ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ ਸੀ।
ਲੋਕ ਸਭਾ ਤੋਂ ਬਾਅਦ ਰਾਜ ਸਭਾ ਵਿੱਚ ਵੀ ਖੇਤੀ ਕਾਨੂੰਨ ਰੱਦ ਕਰਨ ਵਾਲੇ ਬਿੱਲ ਨੂੰ ਆਵਾਜ਼ੀ ਵੋਟ ਨਾਲ ਮਨਜ਼ੂਰੀ ਦਿੱਤੀ ਗਈ। ਇਸ ਦੌਰਾਨ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਦੇ ਮੈਂਬਰ ਬਿੱਲ 'ਤੇ ਚਰਚਾ ਲਈ ਹੰਗਾਮਾ ਕਰਦੇ ਰਹੇ। ਤ੍ਰਿਣਮੂਲ ਕਾਂਗਰਸ ਦੇ ਡੋਲਾ ਸੇਨ ਅਤੇ ਨਦੀਮੁਲ ਹੱਕ ਬਿਨ੍ਹਾਂ ਚਰਚਾ ਬਿੱਲ ਦੇ ਪਾਸ ਹੋਣ 'ਤੇ ਆਪਣਾ ਰੋਸ ਜ਼ਾਹਰ ਕਰਦੇ ਹੋਏ ਮੰਚ ਦੇ ਸਾਹਮਣੇ ਆ ਗਏ।
ਇਹ ਵੀ ਪੜ੍ਹੋ: Parliament Winter Session: ਸੰਸਦ ਦੇ ਦੋਵਾਂ ਸਦਨਾਂ ’ਚ ਖੇਤੀਬਾੜੀ ਕਾਨੂੰਨ ਵਾਪਸੀ ਬਿੱਲ ਪਾਸ
12 ਸਾਂਸਦ ਮੁਅੱਤਲ
ਖੇਤੀਬਾੜੀ ਕਾਨੂੰਨ ਰੱਦ ਕਰਨ ਬਿੱਲ 2021 (farm laws repeal bill 2021) ਪਾਸ ਹੋਣ ਤੋਂ ਬਾਅਦ ਪਿਛਲੇ ਮਾਨਸੂਨ ਸੈਸ਼ਨ ਦੌਰਾਨ ਰਾਜ ਸਭਾ ਵਿੱਚ ‘ਅਸ਼ਲੀਲ ਵਿਹਾਰ’ ਕਾਰਨ ਮੌਜੂਦਾ ਸੈਸ਼ਨ ਦੇ ਬਾਕੀ ਬਚੇ ਸਮੇਂ ਲਈ 12 ਵਿਰੋਧੀ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ।