ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਇੱਕ ਅਜਿਹੇ ਜੋੜੇ ਨੂੰ ਦਿੱਤੇ ਤਲਾਕ ਨੂੰ ਬਰਕਰਾਰ ਰੱਖਿਆ ਹੈ, ਜਿਨ੍ਹਾਂ ਦਾ ਵਿਆਹ ਕਲੇਸ਼ ਅਤੇ ਪਤਨੀ ਦੇ ਵਿਰੋਧ ਕਾਰਨ ਸਿਰਫ਼ 35 ਦਿਨ ਹੀ ਚੱਲ ਸਕਿਆ ਸੀ। ਅਦਾਲਤ ਨੇ ਕਿਹਾ ਕਿ ਜੀਵਨ ਸਾਥੀ ਵੱਲੋਂ ਸੈਕਸ ਕਰਨ ਤੋਂ ਜਾਣਬੁੱਝ ਕੇ ਇਨਕਾਰ ਕਰਨਾ ਬੇਰਹਿਮੀ ਦੇ ਬਰਾਬਰ ਹੈ, ਖਾਸ ਕਰਕੇ ਨਵੇਂ ਵਿਆਹੇ ਜੋੜਿਆਂ ਵਿੱਚ।
“ਸੈਕਸ ਤੋਂ ਬਿਨਾਂ ਵਿਆਹ ਮੁਸ਼ਕਲ ਹੈ”: ਜਸਟਿਸ ਸੁਰੇਸ਼ ਕੁਮਾਰ ਕੈਤ (Justice Suresh Kumar Cait) ਅਤੇ ਨੀਨਾ ਕੁਮਾਰ ਬਾਂਸਲ ਦੇ ਬੈਂਚ ਨੇ ਇਹ ਵੀ ਕਿਹਾ ਕਿ ਸੈਕਸ ਤੋਂ ਬਿਨਾਂ ਵਿਆਹ ਸਮੱਸਿਆ ਵਾਲਾ ਹੈ ਅਤੇ ਜਿਨਸੀ ਸਬੰਧਾਂ ਵਿੱਚ ਨਿਰਾਸ਼ਾ ਵਿਆਹ ਲਈ ਘਾਤਕ ਹੈ। ਅਦਾਲਤ ਨੇ ਦੇਖਿਆ ਕਿ ਇਸ ਮਾਮਲੇ ਵਿੱਚ ਪਤਨੀ ਦੇ ਵਿਰੋਧ ਕਾਰਨ ਵਿਆਹ ਸਿਰੇ ਨਹੀਂ ਚੜ੍ਹ ਸਕਿਆ ਅਤੇ ਬਿਨਾਂ ਸਬੂਤਾਂ ਦੇ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਦਰਜ ਕਰਵਾਉਣਾ ਵੀ ਬੇਰਹਿਮੀ ਮੰਨਿਆ ਜਾ ਸਕਦਾ ਹੈ। ਬੈਂਚ ਨੇ ਕਿਹਾ, "... ਧਿਰਾਂ ਵਿਚਕਾਰ ਵਿਆਹ ਸਿਰਫ਼ 35 ਦਿਨਾਂ ਤੱਕ ਹੀ ਨਹੀਂ ਚੱਲਿਆ, ਸਗੋਂ ਵਿਆਹੁਤਾ ਅਧਿਕਾਰਾਂ ਤੋਂ ਵਾਂਝੇ ਰਹਿਣ ਅਤੇ ਵਿਆਹ ਦੀ ਸਮਾਪਤੀ ਨਾ ਹੋਣ ਕਾਰਨ ਵੀ ਪੂਰੀ ਤਰ੍ਹਾਂ ਅਸਫਲ ਰਿਹਾ।"
ਤਲਾਕ ਲੈਣ ਦਾ ਹੱਕਦਾਰ ਪਤੀ:ਅਦਾਲਤ ਨੇ ਸਿੱਟਾ ਕੱਢਿਆ ਕਿ ਪਤੀ ਬੇਰਹਿਮੀ ਦੇ ਆਧਾਰ 'ਤੇ ਤਲਾਕ ਲੈਣ ਦਾ ਹੱਕਦਾਰ ਹੈ, ਅਦਾਲਤ ਨੇ ਕਿਹਾ, "ਦਾਜ ਲਈ ਉਤਪੀੜਨ ਦੇ ਇਲਜ਼ਾਮਾਂ ਦੇ ਨਤੀਜੇ ਵਜੋਂ ਐਫਆਈਆਰ ਦਰਜ ਕਰਨ ਅਤੇ ਇਸ ਤੋਂ ਬਾਅਦ ਦੇ ਮੁਕੱਦਮੇ ਨੂੰ ਤਾਂ ਹੀ ਬੇਰਹਿਮੀ ਦੀ ਕਾਰਵਾਈ ਕਿਹਾ ਜਾ ਸਕਦਾ ਹੈ ਜਦੋਂ ਅਪੀਲਕਰਤਾ ਦਾਜ ਦੀ ਮੰਗ ਦੀ ਇੱਕ ਵੀ ਘਟਨਾ ਨੂੰ ਸਾਬਤ ਕਰਨ ਵਿੱਚ ਅਸਫਲ ਰਿਹਾ ਹੈ।"
ਬੈਂਚ ਨੇ ਕਿਹਾ ਕਿ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ ਕਿ 18 ਸਾਲਾਂ ਤੋਂ ਵੱਧ ਸਮੇਂ ਤੱਕ ਅਜਿਹੀ ਸਥਿਤੀ ਨੂੰ ਜਾਰੀ ਰੱਖਣਾ ਮਾਨਸਿਕ ਬੇਰਹਿਮੀ ਦੇ ਬਰਾਬਰ ਹੈ। ਅਦਾਲਤ ਨੇ ਕਿਹਾ ਕਿ ਜੋੜੇ ਨੇ 2004 ਵਿੱਚ ਹਿੰਦੂ ਰੀਤੀ ਰਿਵਾਜ਼ਾਂ ਅਨੁਸਾਰ ਵਿਆਹ ਕਰਵਾਇਆ ਸੀ ਅਤੇ ਪਤਨੀ ਜਲਦੀ ਹੀ ਆਪਣੇ ਪੇਕੇ ਘਰ ਚਲੀ ਗਈ ਅਤੇ ਵਾਪਸ ਨਹੀਂ ਆਈ।ਬਾਅਦ ਵਿੱਚ ਪਤੀ ਨੇ ਪਤਨੀ ਦੇ ਘਰ ਛੱਡਣ ਦੇ ਆਧਾਰ 'ਤੇ ਤਲਾਕ ਲਈ ਪਰਿਵਾਰ ਕੋਲ ਪਹੁੰਚ ਕੀਤੀ ਮਗਰੋਂ ਅਦਾਲਤ ਵਿੱਚ ਵੀ ਪਹੁੰਚ ਕੀਤੀ। ਆਪਣੇ ਹੁਕਮ ਵਿਚ ਬੈਂਚ ਨੇ ਕਿਹਾ ਕਿ ਪਰਿਵਾਰਕ ਅਦਾਲਤ ਨੇ 'ਸਹੀ ਸਿੱਟਾ' ਕੱਢਿਆ ਹੈ ਕਿ ਪਤਨੀ ਦਾ ਆਪਣੇ ਪਤੀ ਪ੍ਰਤੀ ਵਿਵਹਾਰ ਬੇਰਹਿਮ ਹੈ, ਜੋ ਉਸ ਨੂੰ ਤਲਾਕ ਦਾ ਹੱਕਦਾਰ ਬਣਾਉਂਦਾ ਹੈ।