ਪੁਣੇ :ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਮੁਖੀ ਸ਼ਰਦ ਪਵਾਰ ਨੇ ਸੁਪ੍ਰੀਆ ਸੂਲੇ ਅਤੇ ਪ੍ਰਫੁੱਲ ਪਟੇਲ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਪਵਾਰ ਦੇ ਭਤੀਜੇ ਅਤੇ ਐਨਸੀਪੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਉਪ ਮੁੱਖ ਮੰਤਰੀ ਅਜੀਤ ਪਵਾਰ ਨਾਰਾਜ਼ ਹਨ ਅਤੇ ਬਗਾਵਤ ਕਰ ਸਕਦੇ ਹਨ। ਕੁਝ ਸਿਆਸੀ ਪੰਡਤਾਂ ਦਾ ਕਹਿਣਾ ਹੈ ਕਿ ਪਵਾਰ ਧੀ ਨੂੰ ਪਾਰਟੀ ਦੀ ਵਾਗਡੋਰ ਸੌਂਪਣ ਲਈ ਭਤੀਜੇ ਨੂੰ ਪਾਸੇ ਕਰ ਰਹੇ ਹਨ। ਇਕ ਦਿਨ ਬਾਅਦ ਐਤਵਾਰ ਨੂੰ ਇਨ੍ਹਾਂ ਸਾਰੀਆਂ ਅਟਕਲਾਂ 'ਤੇ ਵਿਰਾਮ ਲਗਾਉਂਦੇ ਹੋਏ ਸੁਪ੍ਰੀਆ ਸੂਲੇ ਨੇ ਕਿਹਾ ਕਿ ਕੌਣ ਕਹਿੰਦਾ ਹੈ ਕਿ ਅਜੀਤ ਪਵਾਰ ਖੁਸ਼ ਨਹੀਂ ਹਨ,ਕੀ ਉਨ੍ਹਾਂ ਨੂੰ ਕਿਸੇ ਨੇ ਪੁੱਛਿਆ ਹੈ? ਇਹ ਖ਼ਬਰਾਂ ਗੱਪਾਂ ਹਨ।
ਸੁਪ੍ਰੀਆ ਸੁਲੇ ਨੇ ਕਿਹਾ, 'ਮੇਰੇ 'ਤੇ ਵਿਸ਼ਵਾਸ ਦਿਖਾਉਣ ਲਈ ਮੈਂ NCP ਦੇ ਸਾਰੇ ਕਾਡਰਾਂ, ਨੇਤਾਵਾਂ ਅਤੇ ਪਵਾਰ ਦੀ ਧੰਨਵਾਦੀ ਹਾਂ। ਮੇਰੀ ਤਰਜੀਹ ਪਾਰਟੀ ਨੂੰ ਮਜ਼ਬੂਤ ਕਰਨਾ ਹੈ। ਅਸੀਂ ਇੱਕ ਮਜ਼ਬੂਤ ਸੰਗਠਨ ਬਣਾਉਣਾ ਹੈ ਅਤੇ ਦੇਸ਼ ਦੇ ਲੋਕਾਂ ਦੀ ਸੇਵਾ ਕਰਨੀ ਹੈ।
ਅਜੀਤ ਨੇ ਵੀ ਨਰਾਜ਼ਗੀ ਦੀ ਗੱਲ ਨਕਾਰ ਦਿੱਤੀ: ਸੁਲੇ ਅਤੇ ਪ੍ਰਫੁੱਲ ਪਟੇਲ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਐਲਾਨੇ ਜਾਣ ਤੋਂ ਬਾਅਦ ਅਜੀਤ ਪਵਾਰ ਦਾ ਬਿਆਨ ਵੀ ਸਾਹਮਣੇ ਆਇਆ। ਪਵਾਰ ਨੇ ਸ਼ਨੀਵਾਰ ਨੂੰ ਮੀਡੀਆ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਕਿ ਉਹ ਸ਼ਰਦ ਪਵਾਰ ਦੀ ਅਗਵਾਈ ਵਾਲੀ ਪਾਰਟੀ ਵਿਚ ਕੋਈ ਭੂਮਿਕਾ ਨਾ ਦਿੱਤੇ ਜਾਣ ਤੋਂ ਨਾਖੁਸ਼ ਸਨ। ਪਵਾਰ ਨੂੰ ਹਾਲ ਹੀ ਵਿੱਚ ਪੁੱਛਿਆ ਗਿਆ ਸੀ ਕਿ ਕੀ ਉਸਨੇ 2024 ਦੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਟੀ ਦੇ ਅਹੁਦੇ ਦਾ ਟੀਚਾ ਰੱਖਿਆ ਹੈ? ਸੀਨੀਅਰ ਐਨਸੀਪੀ ਨੇਤਾ ਨੇ ਕਿਹਾ ਸੀ ਕਿ ਉਹ ਅਜੇ ਵੀ ਮੁੱਖ ਮੰਤਰੀ ਬਣਨ ਦੀ ਇੱਛਾ ਰੱਖਦੇ ਹਨ।ਇੱਕ ਮਰਾਠੀ ਅਖਬਾਰ ਨਾਲ ਗੱਲ ਕਰਦੇ ਹੋਏ ਅਜੀਤ ਪਵਾਰ ਨੇ ਕਿਹਾ ਸੀ, "ਸਿਰਫ 2024 ਹੀ ਕਿਉਂ, ਮੈਂ ਅਜੇ ਵੀ ਮੁੱਖ ਮੰਤਰੀ ਬਣਨ ਦੀ ਇੱਛਾ ਰੱਖਦਾ ਹਾਂ।" ਪਰ ਕਈ ਮਹੀਨਿਆਂ ਦੇ ਘਟਨਾਕ੍ਰਮ 'ਤੇ ਨਜ਼ਰ ਮਾਰੀਏ ਤਾਂ ਸਾਫ਼ ਜਾਪਦਾ ਹੈ ਕਿ ਐਨਸੀਪੀ ਅੰਦਰ ਅਜੀਤ ਪਵਾਰ ਦਾ ਪ੍ਰਭਾਵ ਘੱਟਦਾ ਜਾ ਰਿਹਾ ਹੈ।
ਪਵਾਰ ਦੇ ਐਲਾਨ ਤੋਂ ਪ੍ਰਫੁੱਲ ਪਟੇਲ ਉਤਸ਼ਾਹਿਤ:ਪਵਾਰ ਨੇ ਅਜੀਤ ਪਵਾਰ, ਛਗਨ ਭੁਜਬਲ, ਸੁਨੀਲ ਤਤਕਰੇ, ਫੌਜੀਆ ਖਾਨ ਅਤੇ ਹੋਰ ਸੀਨੀਅਰ ਨੇਤਾਵਾਂ ਦੀ ਮੌਜੂਦਗੀ 'ਚ ਕਿਹਾ ਕਿ ਪ੍ਰਫੁੱਲ ਪਟੇਲ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਸੰਭਾਲਣਗੇ। ਸੁਪ੍ਰੀਆ ਸੁਲੇ ਪਾਰਟੀ ਦੀ ਕਾਰਜਕਾਰੀ ਪ੍ਰਧਾਨ ਵੀ ਹੋਵੇਗੀ। ਪ੍ਰਫੁੱਲ ਪਟੇਲ ਨੇ ਕਿਹਾ ਕਿ ਉਹ ਪਵਾਰ ਦੇ ਐਲਾਨ ਤੋਂ ਖੁਸ਼ ਹਨ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਦੇ ਰਹਿਣਗੇ। ਪਟੇਲ ਨੇ ਕਿਹਾ ਕਿ ਮੈਂ 1999 ਤੋਂ ਪਵਾਰ ਸਾਹਿਬ ਨਾਲ ਕੰਮ ਕਰ ਰਿਹਾ ਹਾਂ। ਇਸ ਲਈ ਇਹ ਮੇਰੇ ਲਈ ਕੋਈ ਨਵੀਂ ਗੱਲ ਨਹੀਂ ਹੈ।