ਚੰਡੀਗੜ੍ਹ ਡੈਸਕ :ਟਵਿੱਟਰ ਦੀ ਕਮਾਨ ਜੈਕ ਡੋਰਸੀ ਨੇ 2015 ਤੋਂ 2021 ਤੱਕ ਸੰਭਾਲੀ ਹੈ। ਇਸ ਵੇਲੇ ਉਹ ਟਵਿਟਰ ਦੇ ਸੀਈਓ ਸਨ ਅਤੇ ਭਾਰਤ ਫੇਰੀ ਉੱਤੇ ਆਏ ਸਨ। ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ ਸੀ ਅਤੇ ਮੋਦੀ ਨਾਲ ਮੁਲਾਕਾਤ ਮਗਰੋਂ ਡੋਰਸੀ ਵਲੋਂ ਇਸ ਮੁਲਾਕਾਤ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ। ਉਨ੍ਹਾਂ ਲਿਖਿਆ ਕਿ ਸਾਡੇ ਨਾਲ ਸਮਾਂ ਬਿਤਾਉਣ ਲਈ ਅਸੀਂ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹਾਂ। ਡੋਰਸੀ ਵਲੋਂ 13 ਨਵੰਬਰ 2018 ਨੂੰ ਇਸ ਨਾਲ ਜੁੜਿਆ ਇਕ ਟਵੀਟ ਕੀਤਾ ਗਿਆ ਸੀ।
ਕੌਣ ਹੈ ਜੈਕ ਡੋਰਸੀ, ਜਿਸ ਦੇ ਬਿਆਨ ਨੇ ਲਿਆਂਦਾ ਸਿਆਸੀ ਭੂਚਾਲ, ਕੀ ਸੱਚੀਂ ਮੋਦੀ ਸਰਕਾਰ ਨੇ ਕਿਸਾਨ ਅੰਦੋਲਨ ਵੇਲੇ ਪਾਇਆ ਇਹ ਦਬਾਅ... - ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਟਵਿੱਟਰ ਦੇ ਸੀਈਓ ਜੈਕ ਡੋਰਸੀ ਦੇ ਇਕ ਬਿਆਨ ਨੇ ਕੇਂਦਰ ਸਰਕਾਰ ਨੂੰ ਪਰੇਸ਼ਾਨੀ ਵਿੱਚ ਪਾ ਦਿੱਤਾ ਹੈ। ਡੋਰਸੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨ ਅੰਦੋਲਨ ਵੇਲੇ ਕਈ ਟਵਿੱਟਰ ਖਾਤਿਆਂ ਨੂੰ ਦਬਾਅ ਪਾ ਕੇ ਬੰਦ ਕਰਨ ਲਈ ਕਿਹਾ ਸੀ।
ਦਰਅਸਲ, ਟਵਿੱਟਰ ਅਤੇ ਕੇਂਦਰ ਸਰਕਾਰ ਦਰਮਿਆਨ ਝਗੜਾ 2021 ਵਿੱਚ ਸ਼ੁਰੂ ਹੋਇਆ ਸੀ। ਉਸ ਵੇਲੇ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ ਸਰਕਾਰ ਨੇ ਕਈ ਖਾਤਿਆਂ ਨੂੰ ਬੰਦ ਕਰਨ ਲਈ ਕਿਹਾ ਪਰ ਉਨ੍ਹਾਂ ਵਲੋਂ ਮਨ੍ਹਾਂ ਕਰ ਦਿੱਤਾ ਗਿਆ। ਟਵਿੱਟਰ ਦਾ ਕਹਿਣਾ ਸੀ ਕਿ ਇਹ ਪ੍ਰਗਟਾਵੇ ਦੀ ਅਜਾਦੀ ਦੇ ਖਿਲਾਫ ਹੈ। ਟਵਿਟਰ ਨੂੰ ਨਵੇਂ ਨਿਯਮਾਂ ਨੂੰ ਮੰਨਣਾ ਪਿਆ ਅਤੇ ਟਵਿਟਰ ਨੇ ਉਸ ਵੇਲੇ ਦੇ ਉਪ ਰਾਸ਼ਟਰਪਤੀ ਦਾ ਟਵਿੱਟਰ ਵਾਲਾ ਬਲੂ ਟਿੱਕ ਵੀ ਹਟਾ ਦਿੱਤਾ।
ਕੀ ਹੈ ਡੋਰਸੀ ਦਾ ਵਿਵਾਦਿਤ ਬਿਆਨ :ਦਰਅਸਲ ਇੱਕ ਇੰਟਰਵਿਊ ਦੌਰਾਨ ਜੈਕ ਡੋਰਸੀ ਨੇ ਕਿਹਾ ਕਿ ਭਾਰਤ ਦੇ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਨੂੰ ਕਈ ਅਜਿਹੇ ਟਵਿੱਟਰ ਖਾਤਿਆਂ ਨੂੰ ਪਾਬੰਦ ਕਰਨ ਲਈ ਕਿਹਾ ਸੀ ਜੋ ਮੋਦੀ ਸਰਕਾਰ ਦੀ ਨਿਖੇਧੀ ਕਰਦੇ ਸਨ। ਅਜਿਹਾ ਨਾ ਕਰਨ 'ਤੇ ਅਧਿਕਾਰੀਆਂ ਦੇ ਘਰਾਂ 'ਤੇ ਛਾਪੇਮਾਰੀ ਦੀ ਧਮਕੀ ਵੀ ਦਿੱਤੀ ਗਈ। ਟਵਿਟਰ ਦੇ ਸਹਿ-ਸੰਸਥਾਪਕ ਦਾ ਇਹ ਬਿਆਨ ਲਗਾਤਾਰ ਵਾਇਰਲ ਹੋ ਰਿਹਾ ਹੈ। ਵਿਰੋਧੀ ਵੀ ਸਰਕਾਰ ਦੀ ਨਿਖੇਧੀ ਕਰ ਰਹੇ ਹਨ।