ਅਹਿਮਦਾਬਾਦ: ਗੁਜਰਾਤ 'ਚ ਬਲੈਕ ਫੰਗਸ ਦੇ ਬਾਅਦ ਹੁਣ ਵਾਈਟ ਫੰਗਸ ਸੰਕਰਮਣ ਦੇ ਮਾਮਲੇ ਸਾਹਮਣੇ ਆਏ ਹਨ। ਸ਼ੁੱਕਰਵਾਰ ਨੂੰ ਅਹਿਮਦਾਬਾਦ ਦੇ ਸੋਲਾ ਸਿਵਲ ਹਸਪਤਾਲ ਵਿਖੇ ਵਾਈਟ ਫੰਗਸ ਇਨਫੈਕਸ਼ਨ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ।
ਡਾਕਟਰਾਂ ਨੇ ਦੱਸਿਆ ਕਿ ਬਲੈਕ ਫੰਗਸ ਦੇ ਨਾਲ ਵਾਈਟ ਫੰਗਸ ਦੇ ਕੇਸਾਂ ਦੀ ਵੀ ਜਾਂਚ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਫੰਗਸ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਹੋ ਸਕਦੀ ਹੈ। ਹਾਲਾਂਕਿ, ਅਜੇ ਘੱਟ ਮਾਮਲੇ ਸਾਹਮਣੇ ਆ ਰਹੇ ਹਨ।
ਵਾਈਟ ਫੰਗਸ ਜ਼ਿਆਦਾਤਰ ਫੇਫੜਿਆਂ, ਗੁਰਦੇ, ਅੰਤੜੀਆਂ, ਜਣਨ ਅਤੇ ਪੈਰਾਂ ਵਿੱਚ ਹੁੰਦਾ ਹੈ। ਇਲਾਜ ਲਈ ਦਵਾਈਆਂ ਵੀ ਉਪਲਬਧ ਹਨ। ਮਾਹਰ ਕਹਿੰਦੇ ਹਨ ਕਿ ਇਹ ਬਿਮਾਰੀ ਬਲੈਕ ਫੰਗਸ ਨਾਲੋਂ ਵਧੇਰੇ ਘਾਤਕ ਹੈ।
ਗੁਜਰਾਤ ਦੇ ਚਾਰ ਵੱਡੇ ਸ਼ਹਿਰਾਂ ਦੇ ਸਰਕਾਰੀ ਹਸਪਤਾਲਾਂ ਵਿੱਚ ਕੋਵਿਡ -19 ਤੋਂ ਠੀਕ ਹੋਣ ਤੋਂ ਬਾਅਦ ਬਲੈਕ ਫੰਗਸ ਤੋਂ ਸੰਕਰਮਿਤ ਹੋਏ 1100 ਤੋਂ ਵੱਧ ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ। ਇਕ ਸਰਕਾਰੀ ਬਿਆਨ ਵਿਚ ਸ਼ੁੱਕਰਵਾਰ ਨੂੰ ਕਿਹਾ ਗਿਆ ਕਿ ਰਾਜ ਸਰਕਾਰ ਨੇ ਮੂਕੋਰਾਮਾਈਕੋਸਿਸ (ਬਲੈਕ ਫੰਗਸ) ਨੂੰ ਇਕ ਮਹਾਂਮਾਰੀ ਘੋਸ਼ਿਤ ਕੀਤਾ ਹੈ ਅਤੇ ਇਸ ਬਿਮਾਰੀ ਨੂੰ ਮਹਾਂਮਾਰੀ ਰੋਗ ਐਕਟ ਦੇ ਤਹਿਤ ਸੂਚਿਤ ਕੀਤਾ ਹੈ।