ਕੋਲਕਾਤਾ—ਪੱਛਮੀ ਬੰਗਾਲ ਦੇ ਦੱਖਣੀ ਕੋਲਕਾਤਾ 'ਚ ਐਤਵਾਰ ਨੂੰ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਜੋੜੇ ਅਤੇ ਉਨ੍ਹਾਂ ਦੀ ਧੀ ਦੀਆਂ ਸੜੀਆਂ ਹੋਈਆਂ ਲਾਸ਼ਾਂ ਉਨ੍ਹਾਂ ਦੇ ਘਰ ਵਿੱਚ ਲਟਕਦੀਆਂ ਮਿਲੀਆਂ। ਇਸ ਮਾਮਲੇ ਦੀ ਜਾਣਕਾਰੀ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦਿੱਤੀ ਹੈ। ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰੀਜੈਂਟ ਪਾਰਕ ਹਾਊਸਿੰਗ ਸੁਸਾਇਟੀ ਵਿੱਚ ਰਹਿੰਦੇ ਪਤੀ-ਪਤਨੀ ਦੇ ਗੁਆਂਢੀ ਪਿਛਲੇ ਕੁਝ ਦਿਨਾਂ ਤੋਂ ਬੰਦ ਪਏ ਮਕਾਨ ਵਿੱਚੋਂ ਬਦਬੂ ਆਉਣ ਦੀ ਸ਼ਿਕਾਇਤ ਕਰ ਰਹੇ ਸਨ।
ਐਤਵਾਰ ਸਵੇਰੇ ਜਦੋਂ ਬਦਬੂ ਅਸਹਿ ਹੋ ਗਈ ਤਾਂ ਗੁਆਂਢੀਆਂ ਨੇ ਮਾਮਲੇ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ 'ਤੇ ਪਹੁੰਚੀ ਪੁਲਿਸ ਨੇ ਘਰ ਦਾ ਦਰਵਾਜ਼ਾ ਤੋੜਿਆ ਤਾਂ ਤਿੰਨਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਡਰਾਇੰਗ ਰੂਮ ਦੀ ਛੱਤ ਨਾਲ ਲਟਕਦੀਆਂ ਮਿਲੀਆਂ। ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ 'ਚ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਤਿੰਨ ਮ੍ਰਿਤਕਾਂ ਦੀ ਪਛਾਣ ਦਲੀਪ ਕੁਮਾਰ ਚੈਟਰਜੀ, ਰਾਨੂ ਚੈਟਰਜੀ ਅਤੇ ਓਂਦਰੀਲਾ ਚੈਟਰਜੀ ਦੇ ਤੌਰ 'ਤੇ ਉਨ੍ਹਾਂ ਦੇ ਆਧਾਰ ਕਾਰਡਾਂ ਤੋਂ ਹੋਈ ਹੈ।