ਕੋਲਕਾਤਾ:ਤ੍ਰਿਣਮੂਲ ਕਾਂਗਰਸ ਦੀ ਅਗਵਾਈ ਵਾਲੀ ਪੱਛਮੀ ਬੰਗਾਲ ਸਰਕਾਰ ਅਤੇ ਰਾਜਪਾਲ ਸੀਵੀ ਆਨੰਦ ਬੋਸ ਵਿਚਾਲੇ ਟਕਰਾਅ ਘੱਟ ਹੋਣ ਦਾ ਕੋਈ ਸੰਕੇਤ ਨਹੀਂ ਦਿਖ ਰਿਹਾ। ਨਵੀਂ ਦਿੱਲੀ ਤੋਂ ਵਾਪਸ ਆਉਣ ਤੋਂ ਤੁਰੰਤ ਬਾਅਦ ਰਾਜਪਾਲ ਬੋਸ ਨੇ ਵੀਰਵਾਰ ਨੂੰ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਸਰਕਾਰ 'ਤੇ ਨਾਨ-ਸਟਾਪ ਸ਼ਬਦੀ ਹਮਲਾ ਕਰ ਦਿੱਤਾ। ਪੰਜ ਮਿੰਟ ਦੇ ਵੀਡੀਓ ਵਿੱਚ ਰਾਜਪਾਲ ਨੇ ਰਾਜ ਸਰਕਾਰ ਉੱਤੇ ਉਨ੍ਹਾਂ ਸਾਰੇ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਾਂ ਨੂੰ ਡਰਾਉਣ ਦਾ ਦੋਸ਼ ਲਗਾਇਆ ਹੈ, ਜਿੰਨ੍ਹਾਂ ਦੀ ਨਿਯੁਕਤੀ ਰਾਜਪਾਲ ਵਲੋਂ ਕੀਤੀ ਗਈ ਹੈ।
ਬੋਸ ਨੇ ਕਿਹਾ ਕਿ ਸੂਬਾ ਸਰਕਾਰ ਮੇਰੇ ਦੁਆਰਾ ਚੁਣੇ ਗਏ ਸਾਰੇ ਉਪ ਕੁਲਪਤੀਆਂ ਨੂੰ ਡਰਾਉਣ ਅਤੇ ਧਮਕਾਉਣ ਲਈ ਹਰ ਤਰ੍ਹਾਂ ਦੇ ਦਬਾਅ ਦੇ ਪੈਂਤੜੇ ਅਪਣਾ ਰਹੀ ਹੈ। ਇਹ ਬਹੁਤ ਗੰਭੀਰ ਮਸਲਾ ਹੈ ਅਤੇ ਧਿਆਨ ਦੇਣ ਦੀ ਲੋੜ ਹੈ। ਹੁਣ ਤੱਕ ਪੰਜ ਵਾਈਸ ਚਾਂਸਲਰ ਅਸਤੀਫ਼ੇ ਦੇ ਚੁੱਕੇ ਹਨ। ਅਜਿਹੀ ਸਥਿਤੀ ਜਿੱਥੇ ਅਕਾਦਮਿਕ ਅਤੇ ਉੱਚ ਅਹੁਦਿਆਂ 'ਤੇ ਬੈਠੇ ਲੋਕਾਂ ਨੂੰ ਅਹੁਦਾ ਛੱਡਣ ਲਈ ਮਜਬੂਰ ਕੀਤਾ ਜਾਂਦਾ ਹੈ, ਇਹ ਕਿਸੇ ਵੀ ਪ੍ਰਣਾਲੀ ਲਈ ਚੰਗੀ ਗੱਲ ਨਹੀਂ ਹੈ।
ਰਿਾਜਪਾਲ ਨੇ ਅੱਗੇ ਕਿਹਾ ਕਿ ਮੈਂ ਕੁਝ ਚੰਗੇ ਕੰਮ ਕਰਨ ਦੀ ਉਮੀਦ ਨਾਲ ਪੱਛਮੀ ਬੰਗਾਲ ਆਇਆ ਹਾਂ। ਮੇਰਾ ਮੰਨਣਾ ਹੈ ਕਿ ਨਵੀਂ ਪੀੜ੍ਹੀ ਸਭ ਤੋਂ ਵੱਡੇ ਸਰੋਤਾਂ ਵਿੱਚੋਂ ਇੱਕ ਹੈ। ਬਹੁਤ ਸਾਰੇ ਹੁਸ਼ਿਆਰ ਵਿਦਿਆਰਥੀ, ਜੋ ਉੱਚ ਵਿਦਿਅਕ ਸੰਸਥਾਵਾਂ ਵਿੱਚ ਪੜ੍ਹਨ ਦੀ ਇੱਛਾ ਰੱਖਦੇ ਹਨ, ਇਸ ਤੱਥ ਕਾਰਨ ਨਿਰਾਸ਼ ਹਨ ਕਿ ਉਨ੍ਹਾਂ ਨੂੰ ਸੰਸਥਾਵਾਂ ਵਿੱਚ ਅਨੁਕੂਲ ਮਾਹੌਲ ਪ੍ਰਦਾਨ ਨਹੀਂ ਕੀਤਾ ਜਾਂਦਾ ਹੈ। ਇਨ੍ਹਾਂ ਸਾਰੀਆਂ ਯੂਨੀਵਰਸਿਟੀਆਂ ਨੂੰ ਹਿੰਸਾ ਅਤੇ ਭ੍ਰਿਸ਼ਟਾਚਾਰ ਮੁਕਤ ਬਣਾਉਣ ਦੀ ਲੋੜ ਹੈ।