ਚੰਡੀਗੜ੍ਹ: ਹਿਮਾਚਲ ਸਮੇਤ ਦੇਸ਼ ਦੇ ਪਹਾੜੀ ਇਲਾਕਿਆਂ 'ਚ ਬਰਫਬਾਰੀ ਹੋ ਰਹੀ ਹੈ। ਸਰਗਰਮ ਵੈਸਟਰਨ ਡਿਸਟਰਬੈਂਸ ਕਾਰਨ ਇਹ ਸਥਿਤੀ ਬਣੀ ਹੋਈ ਹੈ। ਦੂਜੇ ਪਾਸੇ, ਕੁਝ ਰਾਜਾਂ, ਖਾਸ ਕਰਕੇ ਮੈਦਾਨੀ ਇਲਾਕਿਆਂ ਵਿੱਚ ਗਰਮੀ ਦੀ ਲਹਿਰ ਜਾਰੀ ਹੈ। ਹਿਮਾਚਲ 'ਚ ਮੰਗਲਵਾਰ ਨੂੰ ਚਿਤਕੁਲ, ਰੋਹਤਾਂਗ ਦੱਰਾ, ਕੁੰਜੋਮ ਦੱਰਾ, ਬਰਾਲਾਚਾ ਦੱਰਾ ਅਤੇ ਕੇਲੋਂਗ ਦੀਆਂ ਉੱਚੀਆਂ ਚੋਟੀਆਂ 'ਤੇ ਮੀਂਹ ਅਤੇ ਬਰਫਬਾਰੀ ਹੋਈ। ਇਸ ਕਾਰਨ ਕਈ ਇਲਾਕਿਆਂ ਦੇ ਤਾਪਮਾਨ ਵਿੱਚ 9 ਡਿਗਰੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ। ਹਿਮਾਚਲ ਵਿੱਚ ਹੋਈ ਬਰਫ਼ਬਾਰੀ ਨੇ ਪੰਜਾਬ ਦੇ ਮਾਝਾ ਅਤੇ ਦੋਆਬਾ ਜ਼ਿਲ੍ਹਿਆਂ ਵਿੱਚ ਗਰਮੀ ਤੋਂ ਰਾਹਤ ਦਿੱਤੀ, ਜਦੋਂ ਕਿ ਮਾਲਵੇ ਦੇ ਲੁਧਿਆਣਾ ਵਿੱਚ 42 ਡਿਗਰੀ ਅਤੇ ਪਟਿਆਲਾ ਵਿੱਚ 41 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਦੇਰ ਸ਼ਾਮ ਮੌਸਮ 'ਚ ਕਾਫੀ ਬਦਲਾਅ ਦੇਖਣ ਨੂੰ ਮਿਲਿਆ।
ਇਸ ਦੌਰਾਨ ਅਸਮਾਨ ਵਿੱਚ ਬੱਦਲ ਛਾਏ ਰਹੇ। ਚੰਬਾ ਦਾ ਤਾਪਮਾਨ ਸਭ ਤੋਂ ਵੱਧ 8.9 ਡਿਗਰੀ ਘੱਟ ਗਿਆ ਹੈ। ਸ਼ਿਮਲਾ ਵਿੱਚ ਸ਼ਾਮ 7 ਵਜੇ ਤੋਂ ਬਾਅਦ ਜ਼ੋਰਦਾਰ ਮੀਂਹ ਪਿਆ। ਹਰਿਆਣਾ ਵਿੱਚ ਮੌਸਮ ਦਾ ਰੂਪ ਬਦਲ ਗਿਆ ਹੈ। ਉੱਤਰੀ ਹਰਿਆਣਾ ਦੇ ਕਈ ਇਲਾਕਿਆਂ 'ਚ ਤੇਜ਼ ਹਵਾਵਾਂ ਨਾਲ ਹਲਕੀ ਬਾਰਿਸ਼ ਹੋਈ ਹੈ। ਕਈ ਜ਼ਿਲ੍ਹਿਆਂ 'ਚ ਬੁੱਧਵਾਰ ਨੂੰ ਕੁਝ ਥਾਵਾਂ 'ਤੇ ਭਾਰੀ ਮੀਂਹ ਪੈ ਸਕਦਾ ਹੈ। ਕੁਝ ਥਾਵਾਂ 'ਤੇ ਗੜੇ ਵੀ ਪੈ ਸਕਦੇ ਹਨ। 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚੱਲ ਸਕਦੀ ਹੈ।
ਇਹ ਵੀ ਪੜ੍ਹੋ :Happy Farmers: ਅਨਾਜ ਮੰਡੀ ਵਿੱਚ ਪਹੁੰਚੇ ਕਿਸਾਨਾਂ ਦੇ ਚਿਹਰੇ 'ਤੇ ਰੌਣਕ, ਕਿਹਾ- ਭਗਵੰਤ ਮਾਨ ਨੇ, ਤਾਂ ਰੰਗ ਲਾ ਦਿੱਤੇ
ਦੇਸ਼ 'ਚ 25 ਅਪ੍ਰੈਲ ਤੋਂ ਬਾਅਦ ਹੀਟ ਵੇਵ ਸ਼ੁਰੂ ਹੋਣ ਦੀ ਸੰਭਾਵਨਾ :ਬੁੱਧਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ। 25 ਅਪ੍ਰੈਲ ਤੋਂ ਬਾਅਦ ਹੀਟ ਵੇਵ ਸ਼ੁਰੂ ਹੋਣ ਦੀ ਸੰਭਾਵਨਾ ਹੈ। ਯੂਪੀ, ਮੱਧ ਪ੍ਰਦੇਸ਼, ਪੰਜਾਬ, ਹਰਿਆਣਾ, ਦਿੱਲੀ-ਐਨਸੀਆਰ, ਬਿਹਾਰ, ਝਾਰਖੰਡ, ਛੱਤੀਸਗੜ੍ਹ ਦੇ ਖੇਤਰ ਵਿਸ਼ੇਸ਼ ਤੌਰ 'ਤੇ ਪ੍ਰਭਾਵਿਤ ਹੋਣਗੇ। ਇਸ ਦਾ ਅਸਰ ਉੱਤਰਾਖੰਡ ਅਤੇ ਹਿਮਾਚਲ ਦੇ ਕੁਝ ਹਿੱਸਿਆਂ 'ਚ ਵੀ ਦੇਖਣ ਨੂੰ ਮਿਲੇਗਾ। 21 ਅਪ੍ਰੈਲ ਤੋਂ ਬਿਹਾਰ ਦੇ ਉੱਤਰੀ ਹਿੱਸੇ 'ਚ ਸਥਿਤ 19 ਜ਼ਿਲ੍ਹਿਆਂ 'ਚ ਰਾਹਤ ਦੀ ਉਮੀਦ ਹੈ।