ਨਵੀਂ ਦਿੱਲੀ— ਉੱਤਰੀ ਭਾਰਤ 'ਚ ਬਾਰਿਸ਼ ਕਾਰਨ ਸਾਰਾ ਜਨਜੀਵਨ ਪ੍ਰਭਾਵਿਤ ਹੈ। ਦੇਸ਼ ਦੇ ਕਈ ਰਾਜਾਂ ਵਿੱਚ ਹਾਲੇ ਵੀ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਹਿਮਾਚਲ 'ਚ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ, ਹੁਣ ਤੱਕ ਇੱਥੇ ਬਾਰਿਸ਼ ਕਾਰਨ ਕਰੀਬ 45 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਹੈ। ਮੀਂਹ ਨਾਂ ਦੀ ਇਸ ਆਫ਼ਤ ਕਾਰਨ ਹਿਮਾਚਲ ਵਿੱਚ ਹੁਣ ਤੱਕ 70 ਘਰ ਤਬਾਹ ਹੋ ਚੁੱਕੇ ਹਨ। ਹਿਮਾਚਲ ਪ੍ਰਦੇਸ਼ ਦੀਆਂ 133 ਸੜਕਾਂ ਦੇ ਬੰਦ ਹੋਣ ਦੇ ਨਾਲ-ਨਾਲ ਹਵਾਈ ਉਡਾਣਾਂ ਅਤੇ ਰੇਲ ਗੱਡੀਆਂ ਵੀ ਪ੍ਰਭਾਵਿਤ ਹੋਈਆਂ ਹਨ।
1982 ਤੋਂ ਬਾਅਦ ਸਭ ਤੋਂ ਵੱਧ ਬਾਰਸ਼: ਦਿੱਲੀ ਵਿੱਚ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਵੀ ਕਾਫ਼ੀ ਵੱਧ ਰਿਹਾ ਹੈ ਅਤੇ ਮੰਗਲਵਾਰ ਨੂੰ ਇਸ ਦੇ 205.33 ਮੀਟਰ ਦੇ ਖਤਰੇ ਦੇ ਨਿਸ਼ਾਨ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਕੇਂਦਰੀ ਜਲ ਕਮਿਸ਼ਨ (ਸੀਡਬਲਯੂਸੀ) ਦੇ ਹੜ੍ਹ ਨਿਗਰਾਨੀ ਪੋਰਟਲ ਦੇ ਅਨੁਸਾਰ, ਪੁਰਾਣੇ ਰੇਲਵੇ ਪੁਲ 'ਤੇ ਯਮੁਨਾ ਦੇ ਪਾਣੀ ਦਾ ਪੱਧਰ ਐਤਵਾਰ ਨੂੰ ਦੁਪਹਿਰ 1 ਵਜੇ 203.18 ਮੀਟਰ ਸੀ, ਜਦੋਂ ਕਿ ਖ਼ਤਰੇ ਦਾ ਪੱਧਰ 204.5 ਮੀਟਰ ਹੈ। CWC ਨੇ ਕਿਹਾ ਕਿ ਮੰਗਲਵਾਰ ਨੂੰ ਸਵੇਰੇ 11 ਵਜੇ ਤੋਂ 1 ਵਜੇ ਦੇ ਵਿਚਕਾਰ ਪਾਣੀ ਦਾ ਪੱਧਰ 205.5 ਮੀਟਰ ਤੱਕ ਵਧਣ ਦੀ ਬਹੁਤ ਸੰਭਾਵਨਾ ਹੈ। ਭਾਰਤ ਮੌਸਮ ਵਿਭਾਗ ਦੇ ਅਨੁਸਾਰ, ਦਿੱਲੀ ਵਿੱਚ ਐਤਵਾਰ ਸਵੇਰੇ 8.30 ਵਜੇ ਖਤਮ ਹੋਏ 24 ਘੰਟਿਆਂ ਵਿੱਚ 153 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਜੋ ਕਿ 1982 ਤੋਂ ਬਾਅਦ ਜੁਲਾਈ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਬਾਰਸ਼ ਹੈ। ਚੰਡੀਗੜ੍ਹ ਅਤੇ ਅੰਬਾਲਾ ਵਿੱਚ ਕ੍ਰਮਵਾਰ 322.2 ਅਤੇ 224.1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਦਿੱਲੀ ਵਿੱਚ ਯਮੁਨਾ ਨਦੀ ਦੇ ਨੇੜੇ ਨੀਵੇਂ ਇਲਾਕਿਆਂ ਨੂੰ ਹੜ੍ਹਾਂ ਦਾ ਖਤਰਾ ਮੰਨਿਆ ਜਾਂਦਾ ਹੈ ਅਤੇ ਇੱਥੇ ਲਗਭਗ 37,000 ਲੋਕ ਰਹਿੰਦੇ ਹਨ।