ਚੰਡੀਗੜ੍ਹ/ਦਿੱਲੀ :ਬੀਤੇ ਕੁਝ ਦਿਨਾਂ ਤੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵੱਡੇ ਹਿੱਸਿਆਂ 'ਚ ਹੋ ਰਹੀ ਤੇਜ਼ ਬਾਰਸ਼ ਨੇ ਮੌਸਮ ਸੁਹਾਵਣਾ ਬਣਾ ਦਿੱਤਾ ਹੈ। ਉੱਥੇ ਹੀ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ ਜਿਸ ਨੂੰ ਲੈਕੇ ਲੋਕਾਂ ਨੂੰ ਚਿਤਾਵਨੀ ਵੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਮੌਸਮ ਦੇ ਮਿਜਾਜ ਹੋਰ ਵੀ ਬਦਲ ਸਕਦਾ ਹੈ। ਉੱਥੇ ਹੀ ਦੂਜੇ ਪਾਸੇ ਵੱਡੀ ਗਿਣਤੀ ਸ਼ਹਿਰਾਂ 'ਚ ਸੜਕਾਂ ਪਾਣੀ ਵਿਚ ਡੁੱਬਣ ਕਾਰਨ ਰਾਹਗੀਰਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹ ਸਿਲਸਲਾ ਅਗਲੇ ਇਕ-ਦੋ ਦਿਨ ਜਾਰੀ ਰਹੇਗਾ। ਕੱਲ ਅਤੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਮੀਂਹ ਪਿਆ ਹੈ ਅਤੇ ਅਸਮਾਨ ਵਿੱਚ ਬੱਦਲ ਛਾਏ ਰਹਿਣਗੇ ਅਤੇ ਬਾਰਸ਼ ਇਸੇ ਤਰ੍ਹਾਂ ਰਹੇਗੀ।
ਰਾਜਧਾਨੀ ਦਿੱਲੀ ਸਮੇਤ ਪੂਰੇ ਐਨਸੀਆਰ 'ਚ ਬਾਰਿਸ਼ :ਮੌਸਮ ਵਿਭਾਗ ਦਾ ਮੰਨਣਾ ਹੈ ਕਿ 28 ਤੋਂ 29 ਜੂਨ ਤੱਕ ਦਿੱਲੀ ਅਤੇ ਐਨਸੀਆਰ ਵਿੱਚ ਵੀ ਮਾਨਸੂਨ ਸਰਗਰਮ ਹੋ ਜਾਵੇਗਾ। ਦਿੱਲੀ-ਐੱਨ.ਸੀ.ਆਰ.ਦੇ ਜ਼ਿਆਦਾਤਰ ਹਿੱਸਿਆਂ 'ਚ ਸ਼ਨੀਵਾਰ ਦੇਰ ਰਾਤ ਭਾਰੀ ਮੀਂਹ ਪਿਆ, ਜਿਸ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਲੋਕਾਂ ਨੂੰ ਹੁੰਮਸ ਅਤੇ ਕੜਾਕੇ ਦੀ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਦਿੱਲੀ ਵਿੱਚ 25 ਤੋਂ 27 ਜੂਨ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। ਅਗਲੇ ਕੁਝ ਦਿਨਾਂ 'ਚ ਰਾਸ਼ਟਰੀ ਰਾਜਧਾਨੀ 'ਚ ਮਾਨਸੂਨ ਦੇ ਪਹੁੰਚਣ ਦੀ ਉਮੀਦ ਹੈ। ਰਾਜਧਾਨੀ ਦਿੱਲੀ ਸਮੇਤ ਪੂਰੇ ਐਨਸੀਆਰ ਵਿੱਚ ਸ਼ਨੀਵਾਰ ਰਾਤ ਤੋਂ ਚੰਗੀ ਬਾਰਿਸ਼ ਹੋਈ। ਐਤਵਾਰ ਸਵੇਰੇ ਵੀ ਹਲਕੀ ਬਾਰਿਸ਼ ਜਾਰੀ ਰਹੀ। ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਦਿੱਲੀ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮਯੂਰ ਵਿਹਾਰ, ਪ੍ਰੀਤ ਵਿਹਾਰ, ਲਕਸ਼ਮੀ ਨਗਰ ਸਮੇਤ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ। ਹਾਲਾਂਕਿ ਰਾਤ ਹੋਣ ਕਾਰਨ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ। ਘਰ ਤੋਂ ਦਿੱਲੀ ਤੱਕ ਸੜਕਾਂ 'ਤੇ ਮੀਂਹ ਕਾਰਨ ਵਾਹਨਾਂ ਦੀ ਰਫ਼ਤਾਰ ਰੁਕ ਗਈ।ਮੌਸਮ ਵਿਭਾਗ ਮੁਤਾਬਕ ਇਸ ਨੂੰ ਪ੍ਰੀ-ਮਾਨਸੂਨ ਮੰਨਿਆ ਜਾ ਰਿਹਾ ਹੈ।