ਬੈਂਗਲੁਰੂ: ਹਿਜਾਬ ਵਿਵਾਦ 'ਤੇ ਕਰਨਾਟਕ ਹਾਈਕੋਰਟ ਨੇ ਵੱਡਾ ਫੈਸਲਾ ਦਿੰਦੇ ਹੋਏ ਇਸ ਨਾਲ ਜੁੜੀਆਂ ਸਾਰੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ। ਉਡੁਪੀ ਦੇ ਇੱਕ ਪ੍ਰੀ-ਯੂਨੀਵਰਸਿਟੀ ਕਾਲਜ ਦੀਆਂ ਵਿਦਿਆਰਥਣਾਂ ਦੇ ਇੱਕ ਸਮੂਹ ਨੇ, ਆਪਣੀਆਂ ਕਲਾਸਾਂ ਵਿੱਚ ਹਿਜਾਬ ਪਹਿਨਣ ਦੀ ਆਗਿਆ ਦੇਣ ਦੀ ਮੰਗ ਕਰਦਿਆਂ, ਇੱਕ ਵੱਡਾ ਵਿਵਾਦ ਛੇੜ ਦਿੱਤਾ ਜਦੋਂ ਕੁਝ ਹਿੰਦੂ ਵਿਦਿਆਰਥੀ ਭਗਵੇਂ ਸ਼ਾਲ ਪਹਿਨ ਕੇ ਪਹੁੰਚੇ। ਇਹ ਮਸਲਾ ਸੂਬੇ ਦੇ ਹੋਰ ਹਿੱਸਿਆਂ ਤੱਕ ਵੀ ਫੈਲ ਗਿਆ ਜਦਕਿ ਸਰਕਾਰ ਇਕਸਾਰ ਨਿਯਮ 'ਤੇ ਅੜੀ ਰਹੀ।
ਉਡੁਪੀ ਜ਼ਿਲੇ ਦੀ ਪਟੀਸ਼ਨਕਰਤਾ ਲੜਕੀਆਂ ਵੱਲੋਂ ਪੇਸ਼ ਹੋਏ ਵਕੀਲਾਂ ਮੁਤਾਬਕ ਹਿਜਾਬ ਨਾਲ ਸਬੰਧਤ ਮਾਮਲਾ ਮੰਗਲਵਾਰ ਨੂੰ ਸੂਚੀਬੱਧ ਸੀ। ਉਡੁਪੀ ਦੀਆਂ ਲੜਕੀਆਂ ਦੀ ਪਟੀਸ਼ਨ 'ਤੇ ਹਾਈ ਕੋਰਟ ਦੇ ਚੀਫ਼ ਜਸਟਿਸ ਰਿਤੂਰਾਜ ਅਵਸਥੀ, ਜਸਟਿਸ ਕ੍ਰਿਸ਼ਨਾ ਐਸ ਦੀਕਸ਼ਿਤ ਅਤੇ ਜਸਟਿਸ ਜੇਐਮ ਕਾਜ਼ੀ ਦੀ ਪੂਰੀ ਬੈਂਚ ਦਾ ਗਠਨ ਕੀਤਾ ਗਿਆ ਹੈ। ਇਨ੍ਹਾਂ ਲੜਕੀਆਂ ਨੇ ਬੇਨਤੀ ਕੀਤੀ ਸੀ ਕਿ ਉਨ੍ਹਾਂ ਨੂੰ ਜਮਾਤਾਂ ਵਿੱਚ ਸਕੂਲੀ ਵਰਦੀ ਦੇ ਨਾਲ ਹਿਜਾਬ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਇਹ ਉਨ੍ਹਾਂ ਦੇ ਧਾਰਮਿਕ ਵਿਸ਼ਵਾਸ ਦਾ ਹਿੱਸਾ ਹੈ।