ਮੋਗਾ:ਬੀਐਸਐਫ ਤੇ ਪੰਜਾਬ ਪੁਲਿਸ ਨੇ ਇੱਕ ਸਾਂਝੇ ਆਪ੍ਰੇਸ਼ਨ ਦੌਰਨ ਕੈਨੇਡਾ ਵਿੱਚ ਬੈਠਿਆਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਫਿਰੌਤੀ ਮੰਗਣ ਦਾ ਧੰਦਾ ਚਲਾ ਰਹੇ ਅਰਸ਼ਦੀਪ ਨਾਮੀ ਗੈਂਗਸਟਰ ਲਈ ਪਾਕਿਸਤਾਨ ਤੋਂ ਆਏ ਹਥਿਆਰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸੂਤਰਾਂ ਮੁਤਾਬਕ ਇਸ ਸਬੰਧ ਵਿੱਚ ਪੁਲਿਸ ਨੇ ਗੈਂਗਸਟਰ ਦੇ ਭਗੋੜੇ ਭਰਾ ਬਲਦੀਪ ਸਿੰਘ ਸਿੰਘ ਨੂੰ ਵਿਦੇਸ਼ ਨੱਸਣ ਦੀ ਤਾਕ ਵਿੱਚ ਬੈਠਿਆਂ ਦਿੱਲੀ ਏਅਰਪੋਰਟ ਤੋਂ ਗਿਰਫਤਾਰ ਵੀ ਕੀਤਾ ਹੈ। ਉਹ ਪੁਲਿਸ ਰਿਮਾਂਡ ‘ਤੇ ਹੈ ਅਤੇ ਪੁਲਿਸ ਪਤਾ ਲਗਾ ਰਹੀ ਹੈ ਕਿ ਪਾਕਿਸਤਾਨ ਵੱਲੋਂ ਇਹ ਹਥਿਆਰ ਸਮਗਲ ਕਰਨ ਪਿੱਛੇ ਕਿਸ ਦਾ ਹੱਥ ਹੈ।
ਇਹ ਵੀ ਪੜੋ: ਕਿਸਾਨਾਂ ’ਤੇ ਲਾਠੀਚਾਰਜ ਮਾਮਲਾ: ‘ਦੇਸ਼ ’ਚ ਸੰਵਿਧਾਨ ਦਾ ਨਹੀਂ ਕੋਈ ਮਤਲਬ’
ਕੈਨੇਡਾ ‘ਚ ਬੈਠੇ ਗੈਂਗਸਟਰ ਦਾ ਭਰਾ ਕਰਦਾ ਸੀ ਧੰਦਾ
ਐਸਐਸਪੀ ਮੋਗਾ ਡੀਐਚ ਨਿੰਬਲੇ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਹਰਮਨ ਨਾਂ ਦੇ ਇੱਕ ਹੋਰ ਮੁਲਜਮ ਕੋਲੋਂ ਅਰਸ਼ਦੀਪ ਡਾਲਾ ਤੇ ਭਰਾ ਹਥਿਆਰ ਇੱਧਰੋਂ ਉਧਰ ਕਰਵਾਉਂਦੇ ਸੀ ਪਰ ਇੱਕ ਮਾਮਲੇ ਵਿੱਚ ਉਨ੍ਹਾਂ ਨੇ ਉਸ ਨੂੰ ਫਸਾ ਦਿੱਤਾ ਸੀ ਤੇ ਇਸ ਵਾਰ ਫੇਰ ਹਥਿਆਰ ਆਉਣ ਦੀ ਖਬਰ ਮਿਲੀ ਸੀ ਪਰ ਪਹਿਲਾਂ ਅਰਸ਼ਦੀਪ ਤੇ ਭਰਾ ਵੱਲੋਂ ਕੀਤੇ ਸਲੂਕ ਕਾਰਨ ਬਲਦੀਪ ਨੇ ਪੁਲਿਸ ਨੂੰ ਸੂਹ ਦੇ ਦਿੱਤੀ। ਐਸਐਸਪੀ ਮੁਤਾਬਕ ਸੂਹ ਮਿਲਣ ‘ਤੇ ਤਰਨਤਾਰਨ ਦੇ ਸਰਹੱਦੀ ਪਿੰਡ ਗਜਲ ਲਾਗੇ ਤਿੰਨ ਘੰਟੇ ਦੀ ਤਲਾਸ਼ੀ ਮੁਹਿੰਮ ਦੌਰਾਨ ਇੱਕ ਪਿੱਠੂ ਬੈਗ ਲੱਭਿਆ। ਬੈਗ ਵਿੱਚੋਂ ਚਾਰ ਸਟਾਰ ਮੇਡ ਪਿਸਤੌਲ ਤੇ ਇੱਕ ਪੁਆਇੰਟ ਨੌ ਐਮਐਮ ਦੇ ਪਿਸਤੌਲ ਤੋਂ ਇਲਾਵਾ ਅੱਠ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ।