ਬੈਂਗਲੁਰੂ:ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਬੀਐਸ ਯੇਦੀਯੁਰੱਪਾ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਕੋਈ ਉਮੀਦ ਨਹੀਂ ਸੀ ਕਿ ਉਨ੍ਹਾਂ ਦੇ ਪੁੱਤਰ ਬੀ ਵਾਈ ਵਿਜੇਂਦਰ ਨੂੰ ਪਾਰਟੀ ਦੀ ਕਰਨਾਟਕ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਜਾਵੇਗਾ ਅਤੇ ਉਨ੍ਹਾਂ ਨੇ ਨਵੀਂ ਦਿੱਲੀ ਵਿੱਚ ਪਾਰਟੀ ਲੀਡਰਸ਼ਿਪ ਨਾਲ ਮੀਟਿੰਗ ਲਈ ਕਦੇ ਨਹੀਂ ਕਿਹਾ। ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਯੇਦੀਯੁਰੱਪਾ ਨੇ ਭਰੋਸਾ ਜਤਾਇਆ ਕਿ ਵਿਜੇਂਦਰ ਸੰਗਠਨ ਨੂੰ ਮਜ਼ਬੂਤ ਕਰਨ ਲਈ ਪਾਰਟੀ ਵਿੱਚ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਭਾਜਪਾ ਆਉਣ ਵਾਲੀਆਂ ਚੋਣਾਂ ਦੌਰਾਨ ਰਾਜ ਦੀਆਂ 28 ਲੋਕ ਸਭਾ ਸੀਟਾਂ ਵਿੱਚੋਂ 25 ਤੋਂ ਵੱਧ ਸੀਟਾਂ ਜਿੱਤੇ।
ਵਿਜੇਂਦਰ ਨੂੰ ਪ੍ਰਦੇਸ਼ ਇਕਾਈ ਦਾ ਪ੍ਰਧਾਨ ਬਣਾਏ ਜਾਣ ਦੇ ਸਬੰਧ 'ਚ ਪੁੱਛੇ ਗਏ ਸਵਾਲ ਦੇ ਜਵਾਬ 'ਚ ਯੇਦੀਯੁਰੱਪਾ ਨੇ ਕਿਹਾ, ਸਾਡੇ 'ਚੋਂ ਕਿਸੇ ਨੂੰ ਉਮੀਦ ਨਹੀਂ ਸੀ, ਤੁਸੀਂ ਮੰਨੋ ਜਾਂ ਨਾ, ਮੈਂ ਕਦੇ ਵੀ ਦਿੱਲੀ 'ਚ ਕਿਸੇ ਨੂੰ ਵਿਜੇਂਦਰ ਨੂੰ ਪਾਰਟੀ ਦੀ ਸੂਬਾ ਇਕਾਈ ਦਾ ਪ੍ਰਧਾਨ ਬਣਾਉਣ ਲਈ ਨਹੀਂ ਕਿਹਾ। ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੇਦੀਯੁਰੱਪਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਅੰਤਿਮ ਫੈਸਲਾ ਲਿਆ, 'ਮੇਰੀ ਕੋਈ ਭੂਮਿਕਾ ਨਹੀਂ ਸੀ।'