ਚੰਡੀਗੜ੍ਹ:ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਬੰਬੀਹਾ ਗੈਂਗ ਵੱਲੋਂ ਪੋਸਟ ਪਾ ਕੇ ਸੰਦੀਪ ਨੂੰ ਮਾਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸੁਲਤਾਨ ਦਵਿੰਦਰ ਬੰਬੀਹਾ ਨਾਂ ਦੀ ਫੇਸਬੁੱਕ ਆਈ. ਡੀ. ’ਤੇ ਪਾਈ ਗਈ ਪੋਸਟ ਵਿਚ ਲਿਖਿਆ ਗਿਆ ਹੈ ਕਿ ਸੰਦੀਪ ਬਿਸ਼ਨੋਈ ਦਾ ਜਿਹੜ੍ਹਾ ਕੰਮ ਹੋਇਆ ਹੈ, ਉਹ ਸਾਡੇ ਸ਼ੇਰ ਭਰਾਵਾਂ ਨੇ ਕੀਤਾ ਹੈ। ਅੱਗੇ ਆਉਣ ਵਾਲੇ ਸਮੇਂ ਵਿਚ ਲਾਰੈਂਸ, ਜੱਗੂ ਅਤੇ ਗੋਲਡੀ ਬਰਾੜ ਦਾ ਵੀ ਹੋਵੇਗਾ ਪੱਕਾ, ਦੇਖਦੇ ਰਹੋ ਅਤੇ ਇੰਤਜ਼ਾਰ ਕਰੋ।
ਦੱਸ ਦੇਈਏ ਕਿ ਰਾਜਸਥਾਨ ਦੇ ਨਾਗੌਰ ਵਿਚ 19 ਸਤੰਬਰ ਦਿਨ ਸੋਮਵਾਰ ਨੂੰ ਦਿਨ ਦਿਹਾੜ੍ਹੇ ਪੇਸ਼ੀ ’ਤੇ ਆਏ ਗੈਂਗਸਟਰ ਸੰਦੀਪ ਬਿਸ਼ਨੋਈ ਨੂੰ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਹਮਲੇ ਵਿਚ ਸੰਦੀਪ ਨੂੰ 9 ਗੋਲੀਆਂ ਲੱਗੀਆਂ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਇਸ ਵਾਰਦਾਤ ਵਿਚ ਉਸ ਦੇ ਦੋ ਸਾਥੀ ਗੰਭੀਰ ਜ਼ਖਮੀ ਹੋ ਗਏ।
ਇਥੇ ਇਹ ਵੀ ਦੱਸਣਯੋਗ ਹੈ ਕਿ ਲਾਰੈਂਸ ਅਤੇ ਜੱਗੂ ਦੋਵੇਂ ਪੰਜਾਬ ਪੁਲਿਸ ਦੀ ਗ੍ਰਿਫਤ ਵਿਚ ਹਨ। ਗੈਂਗਸਟਰ ਗੋਲਡੀ ਬਰਾੜ ਕੈਨੇਡਾ ਵਿਚ ਲੁੱਕ ਕੇ ਬੈਠਾ ਹੈ। ਪਹਿਲਾਂ ਹੀ ਬੰਬੀਹਾ ਗੈਂਗ ਕਹਿ ਚੁੱਕਾ ਹੈ ਕਿ ਸਿੱਧੂ ਮੂਸੇਵਾਲਾ ਦਾ ਨਾਮ ਉਨ੍ਹਾਂ ਦੇ ਗੈਂਗ ਨਾਲ ਜ਼ਬਰਨ ਜੋੜਿਆ ਗਿਆ ਹੈ ਅਤੇ ਇਸ ਲਈ ਲਾਰੈਂਸ ਗੈਂਗ ਨੇ ਉਸ ਦਾ ਕਤਲ ਕਰ ਦਿੱਤਾ। ਜੇ ਹੁਣ ਨਾਮ ਜੁੜ ਹੀ ਗਿਆ ਹੈ ਤਾਂ ਉਹ ਆਪਣੇ ਭਰਾ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਜ਼ਰੂਰ ਲੈਣਗੇ। ਇਸ ਦੇ ਨਾਲ ਹੀ ਪੰਜਾਬ ਵਿਚ ਫਿਰ ਵੱਡੀ ਗੈਂਗਵਾਰ ਹੋਣ ਦਾ ਖਦਸ਼ਾ ਹੋਰ ਵੱਧ ਗਿਆ ਹੈ। ਇਸ ਵਾਰਦਾਤ ਤੋਂ ਬਾਅਦ ਪੰਜਾਬ ਪੁਲਿਸ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ ਹੈ।