ਇੰਫਾਲ:ਮਣੀਪੁਰ ਵਿੱਚ ਦੋ ਨੌਜਵਾਨਾਂ ਦੀ ਮੌਤ ਨੂੰ ਲੈ ਕੇ ਹਿੰਸਕ ਪ੍ਰਦਰਸ਼ਨ ਵੀਰਵਾਰ ਤੜਕੇ ਤੱਕ ਜਾਰੀ ਰਿਹਾ। ਭੀੜ ਨੇ ਇੰਫਾਲ ਪੱਛਮੀ 'ਚ (Vandalism of the Deputy Commissioners office) ਡਿਪਟੀ ਕਮਿਸ਼ਨਰ ਦਫ਼ਤਰ ਦੀ ਭੰਨਤੋੜ ਕੀਤੀ। ਜਾਣਕਾਰੀ ਅਨੁਸਾਰ ਇਸ ਦੌਰਾਨ ਵਾਹਨਾਂ ਨੂੰ ਵੀ ਅੱਗ ਲਗਾ ਦਿੱਤੀ ਗਈ। ਘਟਨਾ ਦਾ ਵੇਰਵਾ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਜੁਲਾਈ 'ਚ ਲਾਪਤਾ ਹੋਏ ਦੋ ਨੌਜਵਾਨਾਂ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਜਿਸ ਤੋਂ ਬਾਅਦ ਮੰਗਲਵਾਰ ਨੂੰ ਸੂਬੇ ਦੀ ਰਾਜਧਾਨੀ 'ਚ ਵਿਦਿਆਰਥੀਆਂ ਦੀ ਅਗਵਾਈ ਵਾਲੀ ਹਿੰਸਾ ਦੀ ਤਾਜ਼ਾ ਘਟਨਾ ਸਾਹਮਣੇ ਆਈ।
ਸੁਰੱਖਿਆ ਕਰਮਚਾਰੀਆਂ ਨਾਲ ਪ੍ਰਦਰਸ਼ਨਕਾਰੀਆਂ ਦੀ ਝੜਪ: ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਉਰੀਪੋਕ, ਯਾਇਸਕੁਲ, ਸਗੋਲਬੰਦ ਅਤੇ ਤੇਰਾ ਖੇਤਰਾਂ ਵਿੱਚ ਸੁਰੱਖਿਆ ਕਰਮਚਾਰੀਆਂ ਨਾਲ ਪ੍ਰਦਰਸ਼ਨਕਾਰੀਆਂ ਦੀ ਝੜਪ ਹੋਈ। ਜਿਸ ਤੋਂ ਬਾਅਦ ਸਥਿਤੀ 'ਤੇ ਕਾਬੂ ਪਾਉਣ ਲਈ ਬਲਾਂ ਨੂੰ ਅੱਥਰੂ ਗੈਸ ਦੇ ਕਈ ਗੋਲੇ ਛੱਡਣੇ ਪਏ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ ਨੂੰ ਰਿਹਾਇਸ਼ੀ ਖੇਤਰਾਂ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਟਾਇਰਾਂ, ਪੱਥਰਾਂ ਅਤੇ ਲੋਹੇ ਦੀਆਂ ਪਾਈਪਾਂ ਨੂੰ ਸਾੜ ਕੇ ਸੜਕਾਂ ਨੂੰ ਜਾਮ ਕਰ ਦਿੱਤਾ। ਭੀੜ ਨੇ ਡੀਸੀ ਦਫ਼ਤਰ ਦੀ ਭੰਨਤੋੜ ਵੀ ਕੀਤੀ ਅਤੇ ਵਾਹਨਾਂ ਨੂੰ ਅੱਗ ਲਾ ਦਿੱਤੀ। ਉਨ੍ਹਾਂ ਦੱਸਿਆ ਕਿ ਸੀਆਰਪੀਐਫ ਦੇ ਜਵਾਨਾਂ ਨੇ ਸਥਿਤੀ ਨੂੰ ਕਾਬੂ ਕਰ ਲਿਆ। ਇਸ ਦੌਰਾਨ ਮੰਗਲਵਾਰ ਤੋਂ ਹੁਣ ਤੱਕ 65 ਪ੍ਰਦਰਸ਼ਨਕਾਰੀ ਜ਼ਖਮੀ ਹੋਏ ਹਨ। ਸੁਰੱਖਿਆ ਬਲਾਂ ਨੇ ਹਿੰਸਕ ਪ੍ਰਦਰਸ਼ਨਾਂ ਦਾ ਮੁਕਾਬਲਾ ਕਰਨ ਲਈ ਦੋ ਜ਼ਿਲ੍ਹਿਆਂ ਵਿੱਚ ਮੁੜ ਕਰਫਿਊ ਲਗਾ ਦਿੱਤਾ ਹੈ।
ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਥੌਬਲ ਜ਼ਿਲ੍ਹੇ ਦੇ ਖੋਂਗਜਾਮ ਵਿੱਚ ਭਾਜਪਾ ਦੇ ਇੱਕ ਦਫ਼ਤਰ ਨੂੰ ਅੱਗ ਲਗਾ ਦਿੱਤੀ ਗਈ। ਮਣੀਪੁਰ ਪੁਲਿਸ (Manipur Police) ਨੇ ਇੱਕ ਬਿਆਨ ਵਿੱਚ ਕਿਹਾ ਕਿ ਭੀੜ ਨੇ ਇੱਕ ਪੁਲਿਸ ਵਾਹਨ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਪੁਲਿਸ ਦੀ ਇੱਕ ਗੱਡੀ ਨੂੰ ਅੱਗ ਲਗਾ ਦਿੱਤੀ ਅਤੇ ਇੱਕ ਪੁਲਿਸ ਕਰਮਚਾਰੀ ਦੀ ਕੁੱਟਮਾਰ ਕੀਤੀ ਅਤੇ ਉਸ ਦਾ ਹਥਿਆਰ ਖੋਹ ਲਿਆ। ਇਸ ਵਿਚ ਕਿਹਾ ਗਿਆ ਹੈ ਕਿ ਅਜਿਹੇ ਅਪਰਾਧਾਂ ਵਿਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਦੱਸਿਆ ਕਿ ਖੋਹੇ ਗਏ ਹਥਿਆਰਾਂ ਦੀ ਬਰਾਮਦਗੀ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਸੁਰੱਖਿਆ ਬਲਾਂ ਨੂੰ ਅਪੀਲ: ਇਸ ਦੌਰਾਨ, ਬਾਲ ਅਧਿਕਾਰਾਂ ਦੀ ਸੁਰੱਖਿਆ ਲਈ ਮਣੀਪੁਰ ਕਮਿਸ਼ਨ ਨੇ ਸੁਰੱਖਿਆ ਬਲਾਂ ਨੂੰ ਅਪੀਲ ਕੀਤੀ ਕਿ ਉਹ ਕਿਸ਼ੋਰਾਂ ਵਿਰੁੱਧ 'ਮਨਮਾਨੇ ਅਤੇ ਅਚਾਨਕ' ਲਾਠੀਚਾਰਜ, ਅੱਥਰੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਨਾ ਕਰਨ। ਮਣੀਪੁਰ ਵਿੱਚ 3 ਮਈ ਨੂੰ ਜਾਤੀ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 180 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ ਵੱਡੀ ਗਿਣਤੀ ਵਿੱਚ ਜ਼ਖਮੀ ਹੋਏ ਹਨ। ਤਣਾਅ ਉਦੋਂ ਸ਼ੁਰੂ ਹੋਇਆ ਜਦੋਂ ਪਹਾੜੀ ਜ਼ਿਲ੍ਹਿਆਂ ਵਿੱਚ ਬਹੁਗਿਣਤੀ ਮੀਤੀ ਭਾਈਚਾਰੇ ਦੀ ਉਨ੍ਹਾਂ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਦੇ ਵਿਰੋਧ ਵਿੱਚ ਇੱਕ 'ਕਬਾਇਲੀ ਏਕਤਾ ਮਾਰਚ' ਦਾ ਆਯੋਜਨ ਕੀਤਾ ਗਿਆ ਸੀ। ਮੀਤੀ ਮਣੀਪੁਰ ਦੀ ਆਬਾਦੀ ਦਾ ਲਗਭਗ 53 ਪ੍ਰਤੀਸ਼ਤ ਬਣਦੇ ਹਨ ਅਤੇ ਜ਼ਿਆਦਾਤਰ ਇੰਫਾਲ ਘਾਟੀ ਵਿੱਚ ਰਹਿੰਦੇ ਹਨ, ਜਦੋਂ ਕਿ ਨਾਗਾ ਅਤੇ ਕੂਕੀ ਸਮੇਤ ਆਦਿਵਾਸੀ 40 ਪ੍ਰਤੀਸ਼ਤ ਬਣਦੇ ਹਨ ਅਤੇ ਜ਼ਿਆਦਾਤਰ ਪਹਾੜੀ ਜ਼ਿਲ੍ਹਿਆਂ ਵਿੱਚ ਰਹਿੰਦੇ ਹਨ।