ਹੈਦਰਾਬਾਦ ਡੈਸਕ:ਭਾਰਤ ਵਲੋਂ ਇਤਿਹਾਸ ਰਚਣ ਦੀ ਤਰੀਕ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਇਸਰੋ 14 ਜੁਲਾਈ ਨੂੰ ਆਪਣੇ ਚੰਦਰ ਮਿਸ਼ਨ ਚੰਦਰਯਾਨ-3 ਨੂੰ ਲਾਂਚ ਕਰਨ ਵਾਲਾ ਹੈ। ਹਾਲ ਹੀ ਵਿੱਚ, ਇਸਰੋ ਨੇ ਦੱਸਿਆ ਕਿ ਲਾਂਚਿੰਗ ਹੁਣ 14 ਜੁਲਾਈ, 2023 ਨੂੰ ਦੁਪਹਿਰ 2:35 ਵਜੇ SDSC (ਸਤੀਸ਼ ਧਵਨ ਸਪੇਸ ਸੈਂਟਰ), ਸ਼੍ਰੀਹਰੀਕੋਟਾ ਤੋਂ ਤੈਅ ਕੀਤੀ ਗਈ ਹੈ। ਦੂਜੇ ਪਾਸੇ, ਭਾਰਤ ਦੇ ਇਸ ਮਿਸ਼ਨ ਬਾਰੇ ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਤਿੰਦਰ ਸਿੰਘ ਨੇ ਕਿਹਾ ਹੈ ਕਿ ਇਸਰੋ ਵੱਲੋਂ ਇਸ ਹਫ਼ਤੇ ਲਾਂਚ ਕੀਤਾ ਜਾਣ ਵਾਲਾ ਚੰਦਰਯਾਨ-3 ਮਿਸ਼ਨ ਨਾਲ ਭਾਰਤ ਚੰਨ ਉੱਤੇ ਯਾਨ ਉਤਾਰਨ ਵਾਲਾ ਚੌਥਾ ਦੇਸ਼ ਬਣਾ ਜਾਵੇਗਾ।
ਚੰਦਰਯਾਨ-3 'ਚ ਬਦਲਾਅ: ਸਤੰਬਰ 2019 ਵਿੱਚ, ਚੰਦਰਯਾਨ-2 ਤੋਂ ਬਾਅਦ ਦੁਨੀਆ ਭਰ ਦੇ ਕਰੋੜਾਂ ਭਾਰਤੀ ਅਤੇ ਹਜ਼ਾਰਾਂ ਹੋਰ ਲੋਕ ਨਿਰਾਸ਼ ਹੋ ਗਏ, ਜਦੋਂ ਇਸਰੋ ਲੈਂਡਿੰਗ ਮਿਸ਼ਨ ਨੂੰ ਸਫਲਤਾਪੂਰਵਕ ਪੂਰਾ ਨਹੀਂ ਕਰ ਸਕਿਆ, ਜਦਕਿ ਇਸ ਦਾ ਔਰਬਿਟਰ ਅਜੇ ਵੀ ਸਰਗਰਮ ਸੀ ਅਤੇ ਡਾਟਾ ਭੇਜ ਰਿਹਾ ਸੀ। ਦਰਅਸਲ, ਇਸ ਦੀ ਵਰਤੋਂ ਚੰਦਰਯਾਨ-3 ਦੇ ਹਿੱਸੇ ਵਜੋਂ ਜਾਣਕਾਰੀ ਸੰਚਾਰਿਤ ਕਰਨ ਲਈ ਵੀ ਕੀਤੀ ਜਾਵੇਗੀ। ਇਸ ਤੋਂ ਸਬਕ ਲੈਂਦਿਆਂ ਇਸਰੋ ਨੇ ਚੰਦਰਯਾਨ-3 ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਕਈ ਸੁਧਾਰ ਕੀਤੇ ਹਨ।
ਚੰਦਰਯਾਨ-3, ਚੰਦਰਯਾਨ 2 ਦਾ ਅਗਲਾ ਮਿਸ਼ਨ ਹੈ, ਜਿਸ ਦਾ ਟੀਚਾ ਚੰਦਰਮਾ 'ਤੇ ਸਾਫਟ ਲੈਂਡਿੰਗ ਕਰਨਾ ਅਤੇ ਉੱਥੇ ਜ਼ਮੀਨ 'ਤੇ ਚੱਲਣਾ ਹੈ। ਚੰਦਰਯਾਨ-3 'ਚ ਕੁਝ ਬਦਲਾਅ ਕੀਤੇ ਗਏ ਹਨ ਤਾਂ ਜੋ ਇਹ ਆਸਾਨੀ ਨਾਲ ਚੰਦਰਮਾ ਦੀ ਸਤ੍ਹਾ 'ਤੇ ਉਤਰ ਸਕੇ। ਚੰਦਰਯਾਨ-3 ਦੇ ਚੰਦਰਮਾ ਦੀ ਸਤ੍ਹਾ 'ਤੇ ਸਫਲ ਲੈਂਡਿੰਗ ਤੋਂ ਬਾਅਦ, 6 ਪਹੀਆ ਰੋਵਰ ਬਾਹਰ ਆ ਜਾਵੇਗਾ ਅਤੇ 14 ਦਿਨਾਂ ਤੱਕ ਚੰਦਰਮਾ 'ਤੇ ਕੰਮ ਕਰਨ ਦੇ ਯੋਗ ਹੋਵੇਗਾ। ਰੋਵਰ 'ਤੇ ਲੱਗੇ ਕਈ ਕੈਮਰਿਆਂ ਦੀ ਮਦਦ ਨਾਲ ਤਸਵੀਰਾਂ ਲਈਆਂ ਜਾਣਗੀਆਂ।