ਚੰਡੀਗੜ੍ਹ:ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਚੰਡੀਗੜ੍ਹ ਅਤੇ ਪੰਜਾਬ ਸਮੇਤ ਪੂਰੇ ਦੇਸ਼ ਦੀ ਜਨਤਾ ਪੁਰਾਣੀਆਂ ਰਿਵਾਇਤੀ ਪਾਰਟੀਆਂ, ਪੁਰਾਣੇ ਆਗੂਆਂ ਅਤੇ ਪੁਰਾਣੀ ਕਿਸਮ ਦੀ ਸਿਆਸਤ ਤੋਂ ਬੁਰੀ ਤਰਾਂ ਤੰਗ ਆ ਚੁੱਕੀ ਹੈ। ਲੋਕ ਭ੍ਰਿਸ਼ਟਤੰਤਰ ਤੋਂ ਨਿਜਾਤ ਚਾਹੁੰਦੇ ਹਨ। ਦਿੱਲੀ ਤੋਂ ਬਾਅਦ ਚੰਡੀਗੜ੍ਹ ਦੇ ਚੋਣ ਨਤੀਜੇ ਇਸ ਦੀ ਪ੍ਰਤੱਖ ਮਿਸਾਲ ਹਨ। ਜਨਤਾ ਨੇ ਪੁਰਾਣਿਆਂ ਨੂੰ ਝਟਕਾ ਦੇ ਕੇ ਨਵੀਂ ਪਾਰਟੀ (ਆਪ), ਨਵੇਂ ਚਿਹਰੇ ਅਤੇ ਇਮਾਨਦਾਰ ਰਾਜਨੀਤੀ ਨੂੰ ਚੁਣਿਆ ਹੈ।
ਮੰਗਲਵਾਰ ਨੂੰ ਜਾਰੀ ਬਿਆਨ ਰਾਹੀਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਚੰਡੀਗੜ੍ਹ ਦੀ ਜਨਤਾ ਨੇ ਨਗਰ ਨਿਗਮ ਚੋਣਾਂ 'ਚ ਸੱਚਮੁੱਚ ਚਮਤਕਾਰ ਕਰ ਦਿਖਾਇਆ ਹੈ। ਕਈ ਵੱਡੇ-ਵੱਡੇ ਦਿਗਜਾਂ ਨੂੰ ਹਰਾ ਕੇ ਬਿਲਕੁਲ ਨਵੇਂ ਚਿਹਰਿਆਂ ਨੂੰ ਚੁਣਿਆ ਹੈ। ਭਾਜਪਾ ਦੇ ਮੌਜੂਦਾ ਮੇਅਰ, 2 ਸਾਬਕਾ ਮੇਅਰ ਅਤੇ ਭਾਜਪਾ ਦੇ ਯੁਵਾ ਵਿੰਗ ਦੇ ਪ੍ਰਧਾਨ ਸਮੇਤ ਕਈ ਹੋਰ ਪੁਰਾਣੇ ਦਿੱਗਜਾਂ ਨੂੰ ਹਰਾ ਕੇ ਰਿਵਾਇਤੀ ਦਲਾਂ ਦੇ ਸਿੰਘਾਸਣ ਹਿਲਾ ਦਿੱਤੇ ਗਏ, ਕਿਉਂਕਿ ਲੋਕਾਂ ਨੇ ਆਮ ਆਦਮੀ ਪਾਰਟੀ ਅਤੇ ਇਸ ਦੇ ਨਵੇਂ ਚਿਹਰਿਆਂ 'ਤੇ ਵਿਸ਼ਵਾਸ ਜਤਾਇਆ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਚੰਡੀਗੜ੍ਹ ਦੇ ਨਤੀਜਿਆਂ ਨੇ ਵਿਰੋਧੀਆਂ ਵੱਲੋਂ ਆਮ ਆਦਮੀ ਪਾਰਟੀ ਬਾਰੇ ਮਿੱਥਾਂ ਅਤੇ ਕੂੜ-ਪ੍ਰਚਾਰਾਂ ਨੂੰ ਖ਼ਤਮ ਕਰ ਦਿੱਤਾ ਹੈ। ਕੇਜਰੀਵਾਲ ਮੁਤਾਬਿਕ, ''ਮੈਨੂੰ ਯਾਦ ਹੈ ਜਦੋਂ 2017 ਦੇ ਚੋਣ ਨਤੀਜਿਆਂ ਉਪਰੰਤ 'ਸਿਆਸੀ ਪੰਡਿਤ' ਕਹਿੰਦੇ ਸੀ ਕਿ 2017 ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਦਾ ਸ਼ਹਿਰੀ ਵੋਟਰਾਂ ਨੇ ਸਾਥ ਨਹੀਂ ਦਿੱਤਾ। ਸ਼ਹਿਰੀ ਵੋਟਾਂ ਘੱਟ ਮਿਲੀਆਂ। ਪਰ ਚੰਡੀਗੜ੍ਹ ਦੀ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਇਸ ਬਾਰ ਪੰਜਾਬ ਦੀ ਸ਼ਹਿਰੀ ਜਨਤਾ ਵੀ ਮਜ਼ਬੂਤੀ ਅਤੇ ਪੂਰੇ ਵਿਸ਼ਵਾਸ ਨਾਲ ਆਮ ਆਦਮੀ ਪਾਰਟੀ ਨਾਲ ਖੜ੍ਹਾ ਹੈ। ਅੱਜ ਪੰਜਾਬ ਦੇ ਸਮੁੱਚੇ ਪੇਂਡੂ ਅਤੇ ਸ਼ਹਿਰੀ ਲੋਕ ਆਮ ਆਦਮੀ ਪਾਰਟੀ ਨੂੰ ਵੱਡੀ ਉਮੀਦ ਵਜੋਂ ਦੇਖ ਰਹੇ ਹਨ, ਕਿਉਂਕਿ ਰਿਵਾਇਤੀ ਪੁਰਾਣੀਆਂ ਪਾਰਟੀਆਂ ਨੂੰ ਵਾਰ-ਵਾਰ ਮੌਕੇ ਦੇ ਕੇ ਬੁਰੀ ਤਰ੍ਹਾਂ ਨਿਰਾਸ਼ ਅਤੇ ਤੰਗ ਆ ਚੁੱਕੇ ਹਨ। ਪੂਰਾ ਪੰਜਾਬ ਬਦਲਾਅ ਚਾਹੁੰਦਾ ਹੈ। ਦਿੱਲੀ ਅਤੇ ਚੰਡੀਗੜ੍ਹ ਵਾਂਗ ਪੰਜਾਬ ਵੀ ਨਵੇਂ ਚਿਹਰੇ ਅਤੇ ਇਮਾਨਦਾਰ ਰਾਜਨੀਤੀ ਚਾਹੁੰਦਾ ਹੈ।