ਬਿਲਾਸਪੁਰ: ਛੱਤੀਸਗੜ੍ਹ ਹਾਈ ਕੋਰਟ ਨੇ ਇੱਕ ਕੁਆਰੀ ਧੀ ਦੇ ਵਿਆਹ ਦਾ ਖਰਚਾ ਆਪਣੇ ਪਿਤਾ ਤੋਂ ਲੈਣ ਦੇ ਅਧਿਕਾਰ ਦੇ ਮਾਮਲੇ ਵਿੱਚ ਫੈਸਲਾ ਸੁਣਾਇਆ ਹੈ। ਅਦਾਲਤ ਨੇ ਕਿਹਾ ਕਿ ਹਿੰਦੂ ਅਡਾਪਸ਼ਨ ਐਂਡ ਮੇਨਟੇਨੈਂਸ ਐਕਟ ਤਹਿਤ ਕੁਆਰੀ ਧੀ ਆਪਣੇ ਵਿਆਹ 'ਤੇ ਹੋਣ ਵਾਲੇ ਖਰਚੇ ਲਈ ਆਪਣੇ ਮਾਪਿਆਂ ਤੋਂ ਦਾਅਵਾ ਕਰ ਸਕਦੀ ਹੈ।
ਜਸਟਿਸ ਗੌਤਮ ਭਾਦੁੜੀ ਅਤੇ ਜਸਟਿਸ ਸੰਜੇ ਅਗਰਵਾਲ ਦੀ ਬੈਂਚ ਨੇ ਦੁਰਗ ਫੈਮਿਲੀ ਕੋਰਟ ਦੇ ਹੁਕਮਾਂ ਨੂੰ ਰੱਦ ਕਰਦੇ ਹੋਏ ਇਸ ਮਾਮਲੇ 'ਤੇ ਮੁੜ ਵਿਚਾਰ ਕਰਨ ਅਤੇ ਫੈਸਲਾ ਲੈਣ ਦੇ ਹੁਕਮ ਦਿੱਤੇ ਹਨ।
ਜਾਣੋ ਕੀ ਹੈ ਪੂਰਾ ਮਾਮਲਾ: ਭਿਲਾਈ ਸਟੀਲ ਪਲਾਂਟ 'ਚ ਕੰਮ ਕਰਨ ਵਾਲੇ ਭਾਨੂਰਾਮ ਦੀ ਧੀ ਰਾਜੇਸ਼ਵਰੀ ਨੇ ਸਾਲ 2016 'ਚ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਰਾਜੇਸ਼ਵਰੀ ਨੇ ਦੱਸਿਆ ਸੀ ਕਿ ਉਸ ਦੇ ਪਿਤਾ ਜਲਦੀ ਹੀ ਰਿਟਾਇਰ ਹੋਣ ਵਾਲੇ ਹਨ। ਪਿਤਾ ਨੂੰ ਰਿਟਾਇਰਮੈਂਟ 'ਤੇ ਕਰੀਬ 55 ਲੱਖ ਰੁਪਏ ਮਿਲਣਗੇ। ਉਸ ਨੇ ਕੋਰਟ ਤੋਂ ਪਿਤਾ ਨੂੰ ਉਸਨੂੰ 20 ਲੱਖ ਰੁਪਏ ਦੇਣ ਦੇ ਨਿਰਦੇਸ਼ ਦੇਣ ਦੀ ਗੱਲ ਆਖੀ ਹੈ।
ਹਾਈ ਕੋਰਟ ਨੇ ਜਨਵਰੀ 2016 ਨੂੰ ਪਟੀਸ਼ਨ ਨੂੰ ਨਾ ਚੱਲਣ ਯੋਗ ਹੋਣ ਕਾਰਨ ਖਾਰਜ ਕਰ ਦਿੱਤਾ ਸੀ, ਅਤੇ ਉਸ ਨੂੰ ਹਿੰਦੂ ਅਡਾਪਸ਼ਨ ਐਂਡ ਮੇਨਟੇਨੈਂਸ ਐਕਟ, 1956 ਦੀ ਧਾਰਾ 20(3) ਦੇ ਉਪਬੰਧਾਂ ਨਾਲ ਸਬੰਧਤ ਪਰਿਵਾਰਕ ਅਦਾਲਤ ਵਿੱਚ ਅਰਜ਼ੀ ਦਾਇਰ ਕਰਨ ਦੀ ਇਜਾਜ਼ਤ ਵੀ ਦਿੱਤੀ ਸੀ।