ਲਖਨਊ— ਰਾਜਧਾਨੀ ਲਖਨਊ 'ਚ ਅਪਰਾਧੀਆਂ ਨੇ ਇਕ ਵਾਰ ਫਿਰ ਪੁਲਿਸ ਨੂੰ ਲਲਕਾਰਿਆ ਹੈ। ਗੋਮਤੀ ਨਗਰ ਥਾਣਾ ਖੇਤਰ 'ਚ ਸ਼ਨੀਵਾਰ ਰਾਤ ਅਣਪਛਾਤੇ ਅਪਰਾਧੀਆਂ ਨੇ ਘਰ 'ਚ ਦਾਖਲ ਹੋ ਕੇ ਮਾਂ-ਪੁੱਤ 'ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਹਮਲੇ 'ਚ ਅਨੀਤਾ ਵਰਮਾ ਅਤੇ ਉਸ ਦਾ ਛੋਟਾ ਪੁੱਤਰ ਵਿਕਾਸ ਵਰਮਾ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਲੋਹੀਆ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦੋਵੇਂ ਜ਼ਖਮੀਆਂ ਦਾ ਇਲਾਜ ਨਾਜ਼ੁਕ ਹਾਲਤ 'ਚ ਚੱਲ ਰਿਹਾ ਹੈ।
ਪੀੜਤ ਅਨੀਤਾ ਵਰਮਾ ਦੇ ਵੱਡੇ ਬੇਟੇ ਆਕਾਸ਼ ਵਰਮਾ ਦੀ ਸ਼ਿਕਾਇਤ 'ਤੇ ਗੋਮਤੀ ਨਗਰ ਥਾਣੇ 'ਚ ਅਣਪਛਾਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਘਟਨਾ ਦੇ ਪਿੱਛੇ ਦੇ ਕਾਰਨਾਂ ਬਾਰੇ ਅਜੇ ਤੱਕ ਜਾਣਕਾਰੀ ਨਹੀਂ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਆਕਾਸ਼ ਵਰਮਾ ਅਤੇ ਵਿੱਕੀ ਨੇ ਦੱਸਿਆ ਕਿ 'ਉਹ ਰਾਤ ਨੂੰ ਘਰ 'ਚ ਮੌਜੂਦ ਨਹੀਂ ਸਨ।
ਉਸੇ ਸਮੇਂ ਦੋ ਅਣਪਛਾਤੇ ਵਿਅਕਤੀ ਉਸ ਦੇ ਘਰ ਪਹੁੰਚੇ ਅਤੇ ਦਰਵਾਜ਼ਾ ਖੜਕਾਇਆ। ਇਸ ਤੋਂ ਬਾਅਦ ਮੇਰੀ ਮਾਂ ਅਨੀਤਾ ਨੇ ਦਰਵਾਜ਼ਾ ਖੋਲ੍ਹਿਆ ਤਾਂ ਅਣਪਛਾਤੇ ਵਿਅਕਤੀ ਨੇ ਮੇਰੇ ਅਤੇ ਮੇਰੇ ਛੋਟੇ ਭਰਾ ਬਾਰੇ ਜਾਣਕਾਰੀ ਲਈ। ਇਹ ਸੁਣ ਕੇ ਛੋਟਾ ਭਰਾ ਬਾਹਰ ਆ ਗਿਆ ਤਾਂ ਕਿਸੇ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੋਹਾਂ 'ਤੇ ਜਲਣਸ਼ੀਲ ਸਮੱਗਰੀ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਮੇਰੀ ਮਾਂ ਅਤੇ ਛੋਟਾ ਭਰਾ ਗੰਭੀਰ ਜ਼ਖਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਲੋਹੀਆ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਦੋਵਾਂ ਦਾ ਇਲਾਜ ਚੱਲ ਰਿਹਾ ਹੈ। ਦੋਵੇਂ ਬੁਰੀ ਤਰ੍ਹਾਂ ਸੜ ਗਏ।