ਨਵੀਂ ਦਿੱਲੀ: ਕੇਂਦਰੀ ਪੰਚਾਇਤੀ ਰਾਜ ਮੰਤਰੀ ਗਿਰੀਰਾਜ ਸਿੰਘ (Union Minister Giriraj Singh) ਨੇ ਕਿਹਾ ਕਿ ਅੱਜ ਦੇਸ਼ ਵਿੱਚ ਜਨਸੰਖਿਆ ਕੰਟਰੋਲ ਬਿੱਲ ਨੂੰ ਲਾਗੂ ਕਰਨ ਦੀ ਲੋੜ ਹੈ, ਕਿਉਂਕਿ ਸਾਡੇ ਕੋਲ ਸੀਮਤ ਸਾਧਨ ਹਨ। ਭਾਰਤ ਵਿੱਚ ਇੱਕ ਮਿੰਟ ਵਿੱਚ 30 ਬੱਚੇ ਪੈਦਾ ਹੋ ਰਹੇ ਹਨ। ਸਾਰਿਆਂ ਲਈ ਵਸੀਲੇ ਮੁਹੱਈਆ ਕਰਵਾਉਣੇ ਔਖੇ ਹੋਣਗੇ। ਅਜਿਹੇ 'ਚ ਇਹ ਬਿੱਲ ਹੋਰ ਅਹਿਮ ਹੋ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਇਸ ਕਾਨੂੰਨ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਨੂੰ ਸਰਕਾਰੀ ਸਹੂਲਤਾਂ ਤੋਂ ਵਾਂਝਾ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਵੋਟ ਦਾ ਅਧਿਕਾਰ ਖੋਹ ਲਿਆ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਕਾਨੂੰਨ ਲੋਕਾਂ ਦੀ ਆਸਥਾ ਅਤੇ ਧਰਮ ਦੀ ਪਰਵਾਹ ਕੀਤੇ ਬਿਨਾਂ ਸਾਰਿਆਂ 'ਤੇ ਲਾਗੂ ਹੋਣੇ ਚਾਹੀਦੇ ਹਨ। ਤੁਹਾਨੂੰ ਦੱਸ ਦੇਈਏ ਕਿ ਜੰਤਰ-ਮੰਤਰ 'ਤੇ ਜਨਸੰਖਿਆ ਸਮਾਧਨ ਫਾਊਂਡੇਸ਼ਨ ਵੱਲੋਂ ਆਯੋਜਿਤ ਇਸ ਪ੍ਰੋਗਰਾਮ 'ਚ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਵੀ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਇਹ ਗੱਲਾਂ ਕਹੀਆਂ।
ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਅੰਦਰ ਜਨਸੰਖਿਆ ਕੰਟਰੋਲ ਕਾਨੂੰਨ ਨਾ ਬਣਾਇਆ ਗਿਆ ਤਾਂ ਦੇਸ਼ ਵਿੱਚ ਸਮਾਜਿਕ ਸਦਭਾਵਨਾ ਤੇ ਏਕਤਾ ਨਹੀਂ ਰਹੇਗੀ ਤੇ ਨਾ ਹੀ ਵਿਕਾਸ ਹੋਵੇਗਾ। 1978 ਤੋਂ ਪਹਿਲਾਂ ਚੀਨ ਦੀ ਜੀਡੀਪੀ ਭਾਰਤ ਦੀ ਜੀਡੀਪੀ ਨਾਲੋਂ ਘੱਟ ਸੀ, ਪਰ ਅੱਜ ਚੀਨ ਸਾਡੇ ਨਾਲੋਂ ਵੱਧ ਖੁਸ਼ਹਾਲ ਹੈ ਕਿਉਂਕਿ 1979 ਵਿੱਚ ਚੀਨ ਨੇ 'ਵਨ ਚਾਈਲਡ ਪਾਲਿਸੀ' ਲਿਆਂਦੀ ਸੀ। ਉਨ੍ਹਾਂ ਕਿਹਾ ਕਿ ਚੀਨ ਵਿੱਚ ਹਰ ਮਿੰਟ ਵਿੱਚ ਦਸ ਬੱਚੇ ਪੈਦਾ ਹੁੰਦੇ ਹਨ ਅਤੇ ਭਾਰਤ ਵਿੱਚ ਹਰ ਮਿੰਟ ਵਿੱਚ ਤੀਹ ਬੱਚੇ ਪੈਦਾ ਹੁੰਦੇ ਹਨ। ਅਸੀਂ ਚੀਨ ਨਾਲ ਕਿਵੇਂ ਮੁਕਾਬਲਾ ਕਰਾਂਗੇ?