ਫਗਵਾੜਾ: ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਤਾਮਿਲਨਾਡੂ ਦੇ ਸੀਐੱਮ ਐੱਮਕੇ ਸਟਾਲਿਨ ਦੇ ਬੇਟੇ ਉਧਯਨਿਧੀ ਸਟਾਲਿਨ ਦੀ ਸਨਾਤਨ ਧਰਮ 'ਤੇ ਕੀਤੀ ਟਿੱਪਣੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਸਨਾਤਨ ਧਰਮ ਸੀ, ਸਨਾਤਨ ਧਰਮ ਹੈ ਅਤੇ ਭਵਿੱਖ ਵਿੱਚ ਵੀ ਰਹੇਗਾ। ਉਨ੍ਹਾਂ ਅੱਗੇ ਕਿਹਾ ਕਿ ਸਨਾਤਨ ਧਰਮ ਨੂੰ ਕੁਚਲਣ ਦੀਆਂ ਗੱਲਾਂ ਕਰਨ ਵਾਲੇ ਅਤੇ ਇਸ ਦੇ ਖਾਤਮੇ ਨੂੰ ਚਾਹੁਣ ਵਾਲੇ ਬਹੁਤ ਸਾਰੇ ਲੋਕ ਸੁਆਹ ਹੋ ਗਏ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਹੰਕਾਰੀ ਗਠਜੋੜ (I.N.D.I.A.) ਨੂੰ ਆਪਣੇ ਬਿਆਨ ਲਈ ਪੂਰੇ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਹਿੰਦੂਆਂ ਨੂੰ ਖ਼ਤਮ ਕਰਨ ਦਾ ਸੁਪਨਾ ਦੇਖਣ ਵਾਲਿਆਂ ਵਿੱਚੋਂ ਕਈ ਸਵਾਹ ਹੋ ਗਏ ਹਨ। ਮੈਂ I.N.D.I.A. ਦੇ ਇਸ ਹੰਕਾਰੀ ਗਠਜੋੜ ਨੂੰ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਸਨਾਤਨ ਧਰਮ ਹਮੇਸ਼ਾ ਤੋਂ ਹੈ ਅਤੇ ਭਵਿੱਖ ਵਿੱਚ ਵੀ ਰਹੇਗਾ। ਇਹ ਗਠਜੋੜ ਲਗਾਤਾਰ ਹਿੰਦੂ ਧਰਮ 'ਤੇ ਇੱਕ ਤੋਂ ਬਾਅਦ ਇੱਕ ਹਮਲੇ ਕਰ ਰਿਹਾ ਹੈ ਪਰ ਸਨਾਤਨ ਧਰਮ ਦਾ ਕੋਈ ਇੱਕ ਵਾਲ ਵੀ ਵਿਗਾੜ ਨਹੀਂ ਸਕਦਾ। ਕੇਂਦਰੀ ਮੰਤਰੀ ਨੇ ਪੰਜਾਬ ਦੇ ਫਗਵਾੜਾ 'ਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੀਆਂ ਪਾਰਟੀਆਂ ਹਿੰਦੂ ਧਰਮ 'ਤੇ ਹਮਲੇ ਕਰ ਰਹੀਆਂ ਹਨ ਪਰ ਉਨ੍ਹਾਂ ਨੂੰ ਕੁਝ ਹਾਸਲ ਨਹੀਂ ਹੋ ਰਿਹਾ। ਵਿਰੋਧੀ ਪਾਰਟੀਆਂ ਸਿਰਫ਼ ਵੋਟਾਂ ਦੀ ਖ਼ਾਤਰ ਕੋਝੀ ਰਾਜਨੀਤੀ ਕਰ ਰਹੀਆਂ ਹਨ।